ਗੁਜਰਾਤ ਚੋਣਾਂ 'ਚ ਰੁੱਝੇ ਭਗਵੰਤ ਮਾਨ; 12 ਤੋਂ 15 ਨਵੰਬਰ ਤੱਕ ਗੁਜਰਾਤ ਦੌਰੇ 'ਤੇ ਰਹਿਣਗੇ
ਚੰਡੀਗੜ੍ਹ, 11 ਨਵੰਬਰ: ਗੁਜਰਾਤ ਦੀ ਚੋਣ ਜੰਗ ਜਿੱਤਣ ਲਈ ਸਾਰੀਆਂ ਪਾਰਟੀਆਂ ਨੇ ਆਪਣੀ ਜਾਨ ਲਗਾ ਦਿੱਤੀ ਹੈ। ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਚਰਚਾ ਹੈ ਕਿ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਰ ਦਿਨਾਂ ਦੇ ਦੌਰੇ 'ਤੇ ਗੁਜਰਾਤ ਜਾਣਗੇ। ਜਿੱਥੇ ਉਹ ਰੋਡ ਸ਼ੋਅ ਅਤੇ ਜਨ ਸਭਾਵਾਂ ਵਿੱਚ ਹਿੱਸਾ ਲੈਣਗੇ। ਭਗਵੰਤ ਮਾਨ 12 ਤੋਂ 15 ਨਵੰਬਰ ਤੱਕ ਗੁਜਰਾਤ ਦੇ ਸੌਰਾਸ਼ਟਰ ਦਾ ਦੌਰਾ ਕਰਨਗੇ।
ਕਾਬਲੇਗੌਰ ਹੈ ਕਿ ਇਸ ਦਰਮਿਆਨ ਸੂਬੇ 'ਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦਿਆਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੇ ਨਾਪਾਕ ਮਨਸੂਬੇ ਕਿਸੇ ਵੀ ਕੀਮਤ ਉਤੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਰਾਜਨੀਤਿਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਗਵੰਤ ਮਾਨ 12 ਨਵੰਬਰ ਨੂੰ ਤਲਾਜਾ, ਮਹੂਵਾ ਰੋਡ ਸ਼ੋਅ 'ਚ ਹਿੱਸਾ ਲੈਣਗੇ। 13 ਨਵੰਬਰ ਨੂੰ ਉਹ ਰਾਜੂਲਾ, ਊਨਾ, ਕੋਡੀਨਾਰ ਸੋਮਨਾਥ ਮਹਾਦੇਵ ਦੇ ਦਰਸ਼ਨ ਕਰਕੇ ਰੋਡ ਸ਼ੋਅ ਵਿੱਚ ਹਿੱਸਾ ਲੈਣਗੇ। ਜਦੋਂ ਕਿ 14 ਨਵੰਬਰ ਨੂੰ ਰੋਡ ਸੋਮਨਾਥ, ਤਲਾਲਾ, ਵਿਸਾਵਦਰ, ਮਾਨਵਦਰ ਵਿਖੇ ਹੋਣ ਵਾਲੇ ਪ੍ਰਦਰਸ਼ਨ ਵਿੱਚ ਭਾਗ ਲੈਣਗੇ। ਮਾਨ 15 ਨਵੰਬਰ ਨੂੰ ਪੋਰਬੰਦਰ 'ਚ ਰੋਡ ਸ਼ੋਅ 'ਚ ਹਿੱਸਾ ਲੈਣਗੇ।
'ਆਪ' ਦੇ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਭਗਵੰਤ ਮਾਨ ਦਾ ਨਾਂ
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਸਟਾਰ ਪ੍ਰਚਾਰਕ ਵਜੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਅਨਮੋਲ ਗਗਨ ਮਾਨ ਅਤੇ ਕ੍ਰਿਕਟਰ ਹਰਭਜਨ ਸਿੰਘ ਸਮੇਤ 20 ਲੋਕਾਂ ਦੇ ਨਾਂ ਦਿੱਤੇ ਹਨ। 'ਆਪ' ਨੇ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਜੋਂ ਇਨ੍ਹਾਂ 20 ਲੋਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ।
ਗੁਜਰਾਤ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ
ਗੁਜਰਾਤ ਵਿੱਚ ਦੋ ਪੜਾਵਾਂ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ। ਪਹਿਲੇ ਗੇੜ ਦੀ ਵੋਟਿੰਗ 1 ਦਸੰਬਰ ਨੂੰ ਹੋਵੇਗੀ ਅਤੇ ਦੂਜੇ ਪੜਾਅ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ। ਇਸ ਤੋਂ ਬਾਅਦ 8 ਦਸੰਬਰ ਨੂੰ ਚੋਣਾਂ ਦਾ ਨਤੀਜਾ ਆਵੇਗਾ। ਇਸੇ ਦਿਨ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜੇ ਵੀ ਐਲਾਨੇ ਜਾਣੇ ਹਨ। ਉਮੀਦਵਾਰ 14 ਨਵੰਬਰ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 17 ਨਵੰਬਰ ਹੈ।
- PTC NEWS