'ਆਪ' ਵੱਲੋਂ ਧਰਤੀ ਹੇਠਲੇ ਪਾਣੀ 'ਤੇ ਟੈਕਸ ਲਗਾਉਣ ਦੇ ਫੈਸਲੇ ਦਾ ਅਕਾਲੀ ਦਲ ਵੱਲੋਂ ਵਿਰੋਧ
ਬਠਿੰਡਾ, 3 ਫਰਵਰੀ (ਮੁਨੀਸ਼ ਗਰਗ): ਪੰਜਾਬ ਸਰਕਾਰ ਵੱਲੋਂ ਇੰਡਸਟਰੀ ਨੂੰ ਧਰਤੀ ਹੇਠਲੇ ਪਾਣੀ 'ਤੇ ਟੈਕਸ ਲਗਾਉਣ ਦੇ ਫ਼ੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬਠਿੰਡਾ ਦੇ ਸੀਨੀਅਰ ਅਕਾਲੀ ਆਗੂ ਮੋਹਿਤ ਗੁਪਤਾ ਨੇ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਇਸ ਟੈਕਸ ਦਾ ਵਿਰੋਧ ਕਰਦੇ ਹੋਏ 'ਆਪ' ਸਰਕਾਰ 'ਅਤੇ ਨਿਸ਼ਾਨਾ ਸਾਧਿਆ ਹੈ। ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਿਤ ਗੁਪਤਾ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਇੰਡਸਟਰੀ ਘਾਟੇ ਵਿੱਚ ਜਾ ਰਹੀ ਹੈ। ਇੰਡਸਟਰੀ ਸਰਕਾਰ ਦੇ ਫੈਸਲਿਆਂ ਤੋਂ ਤੰਗ ਆ ਕੇ ਵੱਖ ਵੱਖ ਰਾਜਾਂ ਵਿੱਚ ਜਾ ਰਹੀ ਹੈ ਅਤੇ ਹੁਣ ਪੰਜਾਬ ਦੀ 'ਆਪ' ਸਰਕਾਰ ਨੇ ਇੰਡਸਟਰੀ ਨੂੰ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਅਤੇ ਟੈਕਸ ਲਗਾਉਣ ਦਾ ਫ਼ਰਮਾਨ ਸੁਣਾ ਕੇ ਸਨਅਤਕਾਰਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਡਸਟਰੀ ਦਾ ਸੂਬੇ ਦੀ ਤਰੱਕੀ ਅਤੇ ਰੁਜ਼ਗਾਰ ਦੇਣ ਵਿੱਚ ਵੱਡਾ ਯੋਗਦਾਨ ਹੁੰਦਾ ਹੈ। ਅਕਾਲੀ ਆਗੂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ 'ਆਪ' ਸਰਕਾਰ ਪਹਿਲਾਂ ਬਹੁਤ ਸਾਰੇ ਫੈਸਲਿਆਂ ਤੇ ਯੂ-ਟਰਨ ਲੈਂਦੀ ਰਹੀ ਹੈ, ਹੁਣ ਇਸ ਮਾਮਲੇ 'ਤੇ ਸਰਕਾਰ ਨੂੰ ਯੂ-ਟਰਨ ਲੈ ਕੇ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
- PTC NEWS