ਪੱਤਰਕਾਰ ਨੂੰ ਕਥਿਤ ਤੌਰ 'ਤੇ ਮਰਨ ਲਈ ਉਕਸਾਉਣ ਦਾ ਮੁਲਜ਼ਮ ਬਣਿਆ ਕਾਂਗਰਸ ਕਮੇਟੀ ਮੈਂਬਰ
ਗਗਨਦੀਪ ਸਿੰਘ ਅਹੂਜਾ, (ਪਟਿਆਲਾ, 24 ਨਵੰਬਰ): ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਉਨ੍ਹਾਂ ਦੇ ਸਪੁੱਤਰ ਨਿਰਭੈ ਸਿੰਘ ਮਿਲਟੀ ਕੰਬੋਜ 'ਤੇ ਇੱਕ ਪਤੱਰਕਾਰ ਨੂੰ ਆਤਮ ਹੱਤਿਆ ਲਈ ਉਕਸਾਉਣ ਦੇ ਕੇਸ ਵਿੱਚ ਪੁਲਿਸ ਦੀ ਗ੍ਰਿਫ਼ਤ ਤੋਂ ਬਚਦੇ ਆ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਨੇ ਹੁਣ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਹਰਦਿਆਲ ਸਿੰਘ ਕੰਬੋਜ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਵਿਜੀਲੈਂਸ ਵੱਲੋਂ ਵੀ ਹਰਦਿਆਲ ਦੇ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਤਫਤੀਸ਼ ਕੀਤੀ ਜਾ ਰਹੀ ਹੈ।
ਪੰਜਾਬ ਦੇ ਪਟਿਆਲਾ ਵਿੱਚ ਰਾਜਪੁਰਾ ਦੇ ਪੱਤਰਕਾਰ ਅਤੇ ਵਪਾਰੀ ਰਮੇਸ਼ ਸ਼ਰਮਾ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਮੁਲਜ਼ਮ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਹੁਣ ਤੱਕ ਨਾਕਾਮ ਰਹੀ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਨੇ ਮੁਲਜ਼ਮ ਹਰਦਿਆਲ ਸਿੰਘ ਕੰਬੋਜ ਨੂੰ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਗਠਿਤ ਕਮੇਟੀ ਦਾ ਮੈਂਬਰ ਬਣਾ ਦਿੱਤਾ ਹੈ। ਇਸ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਨੇ ਨਾ ਸਿਰਫ਼ ਪੰਜਾਬ ਕਾਂਗਰਸ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਨੇ, ਸਗੋਂ ਪੰਜਾਬ ਪੁਲਿਸ ਵੀ ਸ਼ੱਕ ਦੇ ਘੇਰੇ 'ਚ ਆ ਗਈ ਹੈ।
ਦੱਸਣਯੋਗ ਹੈ ਕਿ ਰਮੇਸ਼ ਸ਼ਰਮਾ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਉਣ ਸਮੇਤ ਸੁਸਾਈਡ ਨੋਟ ਲਿਖਿਆ ਸੀ। ਇਸ 'ਚ ਉਨ੍ਹਾਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ 'ਤੇ ਉਨ੍ਹਾਂ ਦਾ ਕਾਰੋਬਾਰ ਠੱਪ ਕਰਵਾਉਣ ਦੇ ਦੋਸ਼ ਲਾਏ ਹਨ। ਰਮੇਸ਼ ਸ਼ਰਮਾ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਇਹ ਵੀ ਲਿਖਿਆ ਸੀ ਕਿ ਜਦੋਂ ਤੱਕ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਦਾ ਪੋਸਟਮਾਰਟਮ ਨਾ ਕਰਵਾਇਆ ਜਾਵੇ।
ਵੀਡੀਓ 'ਚ ਰਮੇਸ਼ ਸ਼ਰਮਾ ਨੇ ਹਰਦਿਆਲ ਸਿੰਘ ਕੰਬੋਜ, ਉਸ ਦੇ ਬੇਟੇ ਨਿਰਭੈ ਸਿੰਘ ਮਿਲਟੀ ਕੰਬੋਜ ਸਮੇਤ 6 ਲੋਕਾਂ 'ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਸਨ। ਰਮੇਸ਼ ਸ਼ਰਮਾ ਨੇ ਸੰਜੀਵ ਗਰਗ ਨਾਂ ਦੇ ਮੁਲਜ਼ਮ 'ਤੇ 5.25 ਲੱਖ ਰੁਪਏ ਲੈਣ ਦੇ ਵੀ ਇਲਜ਼ਾਮ ਲਾਏ ਸਨ।
ਇਹ ਵੀ ਪੜ੍ਹੋ: ਮਸ਼ਹੂਰ ਸੁਨਿਆਰੇ ਦੇ ਕੰਪਲੈਕਸ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ, ਦਸਤਾਵੇਜ਼ ਜ਼ਬਤ
ਇਸ ਮਾਮਲੇ ਵਿੱਚ ਮੁਲਜ਼ਮ ਹਰਦਿਆਲ ਕੰਬੋਜ ਅਤੇ ਉਸ ਦੇ ਪੁੱਤਰ ਨਿਰਭੈ ਸਿੰਘ ਮਿਲਟੀ ਕੰਬੋਜ ਅਤੇ 6 ਹੋਰ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਜਪੁਰਾ ਸਿਟੀ ਵਿੱਚ ਕੇਸ ਦਰਜ ਹੈ। ਪਰ 14 ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦ ਕਿ ਪੰਜਾਬ ਕਾਂਗਰਸ ਵੱਲੋਂ ਬਣਾਈ ਗਈ ਨਗਰ ਨਿਗਮ ਕਮੇਟੀ ਦੀ ਕਾਰਵਾਈ ਕਾਰਨ ਮੁਲਜ਼ਮ ਦਾ ਕਾਂਗਰਸੀ ਆਗੂਆਂ ਨਾਲ ਸੰਪਰਕ ਮੰਨਿਆ ਜਾ ਰਿਹਾ ਹੈ।
ਪੰਜਾਬ ਕਾਂਗਰਸ ਨੇ ਅਗਲੇ ਸਾਲ ਹੋਣ ਵਾਲੀਆਂ ਨਿਗਮ ਚੋਣਾਂ ਲਈ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਨਗਰ ਨਿਗਮਾਂ ਲਈ ਪੰਜ-ਪੰਜ ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਹੈ। ਲੁਧਿਆਣਾ ਲਈ ਬਣਾਈ ਗਈ ਕਮੇਟੀ ਵਿੱਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਨਾਂ ਵੀ ਸ਼ਾਮਲ ਹੈ।
- PTC NEWS