ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਹੋਣ ਮਗਰੋਂ ਸਿਆਸੀ ਸ਼ਖ਼ਸੀਅਤਾਂ ਦਾ ਪ੍ਰਤੀਕਰਮ ਆਇਆ ਸਾਹਮਣੇ
ਚੰਡੀਗੜ੍ਹ, 21 ਸਤੰਬਰ: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਗਿਆ ਹੈ। ਰਾਜਪਾਲ ਨੇ ਕਿਹਾ ਕਿ ਇਸ ਤਰ੍ਹਾਂ ਵਿਧਾਨ ਸਭਾ ਦਾ ਸੈਸ਼ਨ ਸੱਦਣਾ ਠੀਕ ਨਹੀਂ ਹੈ ਜਿਸ ਕਾਰਨ ਉਨ੍ਹਾਂ ਸਰਕਾਰ ਵੱਲੋਂ ਸੱਦਿਆ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਗਵਰਨਰ ਨੇ ਇਸ ਸੈਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਸੀ। ਸੂਬਾ ਸਰਕਾਰ ਵੱਲੋਂ ਬੇਭਰੋਸਗੀ ਦੇ ਮਤੇ 'ਤੇ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ।
ਇਸ ਮੁੱਦੇ ਉੱਤੇ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸ਼ਖ਼ਸੀਅਤਾਂ ਦਾ ਪ੍ਰਤੀਕਰਮ ਆਉਣਾ ਸ਼ੁਰੂ ਹੋ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਸੱਦੇ ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਲਈ ਪ੍ਰਵਾਨਗੀ ਵਾਪਸ ਲੈਣ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬੱਚ ਗਿਆ ਹੈ।ਉਨ੍ਹਾਂ ਦਾ ਕਹਿਣਾ ਕਿ ਭਗਵੰਤ ਮਾਨ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਿਰਫ ਇਕ ਸਿਆਸੀ ਡਰਾਮੇਬਾਜ਼ੀ ਵਾਸਤੇ ਲੋਕਾਂ ਦਾ ਪੈਸਾ ਬਰਬਾਦ ਕਰਨਾ ਚਾਹੁੰਦੀ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਇਹ "ਨਿੱਤ ਨਵੇਂ ਸਿਆਪੇ ਵਾਲੀ ਝੂੰਮਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਹਾਜ਼ ਚੋਂ ਲਾਹੇ ਜਾਣ ਵਾਲੇ ਤਮਾਸ਼ੇ ਤੋ ਬਾਅਦ ਹੋਸ਼ਮੰਦੀ ਤੋਂ ਕੰਮ ਲੈਣ ਦੀ ਬਜਾਏ, ਆਪਣੇ ਵਿੱਚ ਆਪ ਹੀ ਭਰੋਸਾ ਜਤਾਉਣ ਲਈ ਵਿਧਾਨ ਸਭਾ ਬੁਲਾਉਣ ਦੀ ਛੁਰਲੀ ਛੱਡ ਦਿੱਤੀ। ਸ਼ੁਕਰ ਇਹ ਸਿਰੇ ਨਾ ਚੜ ਸਕੀ ਤੇ ਪੰਜਾਬੀਆ ਦੇ ਕਰੋੜਾਂ ਰੁਪਏ ਬਰਬਾਦ ਹੋਣੋਂ ਬਚ ਗਏ। ਵੱਢੀ ਰਾਹੀ ਵਿਧਾਇਕ ਖ਼ਰੀਦਣ ਦੀ ਗੱਲ ਸੱਚ ਸੀ ਤਾਂ ਸੀਬੀਆਈ ਜਾ ਹਾਈ ਕੋਰਟ ਤੋਂ ਜਾਂਚ ਕਰਵਾਉਂਦੇ।"
ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਭਾਵੇਂ ਰਾਜਪਾਲ ਦੇ ਫੈਸਲੇ ਨਾਲ ਜਨਤਾ ਦਾ ਪੈਸਾ ਬਰਬਾਦ ਹੋਣ ਤੋਂ ਬੱਚ ਗਿਆ ਹੈ ਪਰ ਇਸ ਸਾਰੇ ਮਾਮਲੇ ਦੀ ਵਿਸਥਾਰਿਤ ਜਾਂਚ ਦੀ ਲੋੜ ਹੈ ਤਾਂ ਜੋ 'ਆਪ' ਵੱਲੋਂ ਕੀਤੇ ਜਾ ਰਹੇ ਦਾਅਵੇ ਅਨੁਸਾਰ ਸਾਜ਼ਿਸ਼ ਦੇ ਅਸਲ ਦੋਸ਼ੀ ਬੇਨਕਾਬ ਹੋ ਸਕਣ। ਉਹਨਾਂ ਕਿਹਾ ਕਿ 'ਆਪ' ਨੇ ਦਾਅਵਾ ਕੀਤਾ ਹੈ ਕਿ ਇਸਦੇ ਵਿਧਾਇਕਾਂ ਤੱਕ ਭਾਜਪਾ ਨੇ ਪਹੁੰਚ ਕੀਤੀ ਤੇ ਇਹ ਸਭ ਕੁਝ ਚੰਡੀਗੜ੍ਹ ਵਿਚ ਹੋਇਆ। ਇਸ ਤਰੀਕੇ ਇਹ ਅਪਰਾਧ ਚੰਡੀਗੜ੍ਹ ਪੁਲਿਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਹੋਣ ਦੇ ਨਾਅਤੇ ਰਾਜਪਾਲ ਨੂੰ ਇਸ ਮਾਮਲੇ ਦੀ ਵਿਸਥਾਰਤ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਿਸਨੇ 'ਆਪ' ਵਿਧਾਇਕਾਂ ਤੱਕ ਪਹੁੰਚ ਕੀਤੀ, ਉਹ ਸਾਰੇ ਆਗੂ ਜਾਂ ਵਿਚੋਲੇ ਲੋਕਾਂ ਸਾਹਮਣੇ ਬੇਨਕਾਬ ਹੋਣੇ ਚਾਹੀਦੇ ਹੈ ਪਰ ਜੇਕਰ 'ਆਪ' ਦੇ ਦਾਅਵੇ ਝੂਠੇ ਨਿਕਲਦੇ ਹਨ ਤਾਂ ਫਿਰ ਇਹ ਸਾਜ਼ਿਸ਼ ਦੀ ਕਹਾਣੀ ਘੜਨ ਲਈ 'ਆਪ' ਦੀ ਲੀਡਰਸ਼ਿਪ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਵਿਸ਼ੇਸ਼ ਸੈਸ਼ਨ ਰੱਦ ਕਰ ਦਿੱਤਾ ਹੈ। ਜਿਸ 'ਤੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਤ ਨੂੰ 'ਆਪ' ਸਰਕਾਰ ਦੁਆਰਾ "ਭਰੋਸੇ ਦੇ ਮਤੇ" 'ਤੇ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਵਾਪਸ ਲੈਣ ਦਾ ਆਦੇਸ਼ ਦੇਣ ਲਈ ਵਧਾਈ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਸਦਨ ਦੇ ਨਿਯਮਾਂ ਦੇ ਵਿਰੁੱਧ ਸੀ।
ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਤ ਨੂੰ ਸੈਸ਼ਨ ਵਾਪਸ ਲੈਣ 'ਤੇ ਵਧਾਈ ਦਿੱਤੀ। ਬਾਜਵਾ ਨੇ ਕਿਹਾ ਕਿ ਇਹ ਸਦਨ ਦੇ ਨਿਯਮਾਂ ਦੇ ਵਿਰੁੱਧ ਸੀ। ਉਨ੍ਹਾਂ ਕਿਹਾ, "ਮੈਂ ਸਾਡੇ ਸਤਿਕਾਰਯੋਗ ਰਾਜਪਾਲ ਸ਼੍ਰੀ ਬਨਵਾਰੀ ਲਾਲ ਪੁਰੋਹਤ ਜੀ ਨੂੰ 'ਆਪ' ਸਰਕਾਰ ਦੁਆਰਾ "ਭਰੋਸੇ ਦੇ ਮਤੇ" 'ਤੇ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਵਾਪਸ ਲੈਣ ਦਾ ਆਦੇਸ਼ ਦੇਣ ਲਈ ਵਧਾਈ ਦਿੰਦਾ ਹਾਂ ਜੋ ਸਦਨ ਦੇ ਨਿਯਮਾਂ ਦੇ ਵਿਰੁੱਧ ਸੀ।"
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਦੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨ ਬਾਰੇ ਕਿਹਾ ਕਿ ਇਹ ਸੈਸ਼ਨ ਮਹਿਜ਼ ਡਰਾਮਾ ਸੀ ਕਿਉਂਕਿ ਕਿਸੇ ਵੀ ਵਿਰੋਧੀ ਪਾਰਟੀ ਨੇ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਨਹੀਂ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਰਾਜਪਾਲ ਵੱਲੋਂ ਇਸ ਸੈਸ਼ਨ ਨੂੰ ਰੱਦ ਕਰਨਾ ਸਰਕਾਰ ਨੂੰ ਸਿੱਧਾ ਜਵਾਬ ਹੈ ਕਿ ਸਰਕਾਰ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਗਲਤ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਇਜਲਾਸ ਖ਼ਿਲਾਫ਼ ਕੱਲ੍ਹ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਸੀ। ਜਿਸ ਵਿੱਚ ਕੋਈ ਬਦਲਾਅ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਕੱਲ੍ਹ ਸਾਰੇ ਪਾਰਟੀ ਵਰਕਰ ਚੰਡੀਗੜ੍ਹ ਪਹੁੰਚ ਰਹੇ ਹਨ।
ਦੱਸ ਦੇਈਏ ਕਿ ਭਾਜਪਾ ਨੇ ਜਿੱਥੇ ਪਹਿਲਾਂ ਭਲਕੇ ਵਿਧਾਨ ਸਭਾ ਦਾ ਘਿਰਾਓ ਕਰਨਾ ਸੀ ਹੁਣ ਭਲਕੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਹੈ।
-PTC News