ਕਿਸਾਨੀ ਸੰਘਰਸ਼ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ,ਮਾਘੀ ਮੌਕੇ ਨਹੀਂ ਹੋਣਗੀਆਂ ਸਿਆਸੀ ਕਾਨਫਰੰਸਾਂ
ਫਾਜ਼ਿਲਕਾ : ਅੱਜ ਪੂਰਾ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਦਿੱਲੀ ਬਰਡਰਾਂ 'ਤੇ ਸਰਦ ਰਾਤਾਂ ਅਤੇ ਦਿਨ ਕੱਟ ਰਹੇ ਹਨ ਤਾਂ ਜੋ ਕੇਂਦਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ ਇਸ ਤਹਿਤ ਕਿਸਾਨਾਂ ਨੂੰ ਸਮਰਥਨ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਵਾਰ ਅਕਾਲੀ ਦਲ ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਉਹ ਮਾਘੀ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਮੁਕਤਸਰ ਸਾਹਬ ਵਿਖੇ ਨਤਮਸਤਕ ਹੋਣ ਲਈ ਜਾਣਗੇ।
ਦਸਦੀਏ ਕਿ ਸੁਖਬੀਰ ਬਾਦਲ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਾਰਟੀ ਬਲਾਕ ਪ੍ਰਧਾਨਾਂ ਤੇ ਅਕਾਲੀ ਵਰਕਰਾਂ ਨਾਲ ਰੂਬਰੂ ਹੋਏ। ਉਨ੍ਹਾਂ ਇਸ ਮੌਕੇ ਅਕਾਲੀ ਦਲ ਦੇ ਸਟਿੱਕਰ ਵੀ ਰਿਲੀਜ਼ ਕੀਤੇ। ਉਨ੍ਹਾਂ ਸਮੂਹ ਅਕਾਲੀ ਵਰਕਰਾਂ ਨੂੰ ਸਟਿੱਕਰ ਆਪਣੇ ਵਾਹਨਾਂ 'ਤੇ ਲਾਉਣ ਲਈ ਕਿਹਾ।
ਸੁਖਬੀਰ ਬਾਦਲ ਨੇ ਹਲਕਾ ਬੱਲੂਆਣਾ ਦੇ ਸਮੂਹ ਆਗੂਆਂ ਤੇ ਵਰਕਰਾਂ ਨੂੰ ਅਬੋਹਰ ਨਗਰ ਨਿਗਮ ਦੀਆਂ ਚੋਣਾਂ 'ਚ ਅਬੋਹਰ ਦੇ ਵਾਰਡਾਂ ਤੋਂ ਐਲਾਨੇ ਜਾਣ ਵਾਲੇ ਉਮੀਦਵਾਰਾਂ ਦੀ ਡਟ ਕੇ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ 'ਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ ਵਿਚਕਾਰ ਹੀ ਰਹੇਗਾ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਸ਼ਬਦਾਂ ਦੇ ਹਮਲੇ ਕੀਤੇ ਅਤੇ ਮੀਟਿੰਗ ਉਪਰੰਤ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨੀ ਸੰਘਰਸ਼ ਨੂੰ ਲਮਕਾ ਰਹੀ ਹੈ ਅਤੇ ਤਾਰੀਕ 'ਤੇ ਤਾਰੀਕ ਦਿੱਤੀ ਜਾ ਰਹੀ ਹੈ। ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਿਹੀ ਨਕੰਮੀ ਸਰਕਾਰ ਕਿਸੇ ਨੇ ਵੀ ਨਹੀਂ ਦੇਖੀ ਹੋਣੀ ਜੋ ਦੇਸ਼ ਦੇ ਕਿਸਾਨਾਂ ਨੂੰ ਇੰਝ ਸੜਕਾਂ 'ਤੇ ਰੁਲਣ ਲਈ ਛੱਡ ਰਹੀ ਹੈ ।