ਪੁਲਿਸ ਨੇ 14 ਸਾਲਾ ਬੱਚੇ 'ਤੇ ਢਾਹੇ ਤਸੀਹੇ, ਪਿਤਾ ਨੇ ਇਨਸਾਫ਼ ਦੀ ਕੀਤੀ ਮੰਗ
ਜਲੰਧਰ : ਜਲੰਧਰ ਦੇ ਭਾਰਗਵ ਕੈਂਪ ਤੋਂ 14 ਸਾਲਾ ਬੱਚੇ ਨਾਲ ਪੁਲਿਸ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਗੁਆਂਢੀ ਨੇ ਬੱਚੇ ਉਤੇ 5 ਤੋਲੇ ਸੋਨਾ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਬੱਚੇ ਨੂੰ 3 ਦਿਨਾਂ ਦੇ ਰਿਮਾਂਡ 'ਤੇ ਰੱਖਿਆ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੱਚੇ ਦੀ ਪਿੱਠ 'ਤੇ ਸੱਟਾਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਦੂਜੇ ਪਾਸੇ ਬੱਚੇ ਦੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਉਸ ਦੇ ਬੱਚੇ ਨੂੰ ਝੂਠੇ ਕੇਸ ਵਿੱਚ ਫਸਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੂੰ ਕਬੂਤਰ ਪਾਲਣ ਦਾ ਸ਼ੌਕ ਹੈ। ਇਸ ਦੌਰਾਨ ਇਕ ਕਬੂਤਰ ਗੁਆਂਢੀਆਂ ਦੀ ਛੱਤ 'ਤੇ ਗਿਆ, ਜਿਸ ਨੂੰ ਲੈਣ ਲਈ ਬੱਚੇ ਨੇ ਗੁਆਂਢੀਆਂ ਦਾ ਕੈਮਰਾ ਬੰਦ ਕਰ ਦਿੱਤਾ ਅਤੇ ਆਪਣੇ ਕਬੂਤਰ ਨੂੰ ਵਾਪਸ ਲੈਣ ਲਈ ਛੱਤ 'ਤੇ ਚਲਾ ਗਿਆ। ਜਿਸ ਤੋਂ ਬਾਅਦ ਗੁਆਂਢੀਆਂ ਨੇ ਉਨ੍ਹਾਂ ਦੇ ਬੱਚੇ 'ਤੇ ਚੋਰੀ ਦਾ ਦੋਸ਼ ਲਗਾਇਆ। ਉਸ ਨੇ ਦੱਸਿਆ ਕਿ ਗੁਆਂਢੀ ਪਹਿਲਾਂ ਵੀ ਕਈ ਵਾਰ ਉਸ ਲੜਕੇ ਦੀ ਕੁੱਟਮਾਰ ਕਰ ਚੁੱਕੇ ਹਨ। ਇਸ ਡਰ ਕਾਰਨ ਬੱਚੇ ਨੇ ਕੈਮਰਾ ਬੰਦ ਕਰ ਦਿੱਤਾ ਤੇ ਆਪਣੇ ਕਬੂਤਰ ਨੂੰ ਲੈਣ ਲਈ ਛੱਤ 'ਤੇ ਚਲਾ ਗਿਆ। ਪੁਲਿਸ ਧਮਕੀਆਂ ਦੇ ਰਹੀ ਹੈ। ਪਿਤਾ ਦਾ ਦੋਸ਼ ਹੈ ਕਿ ਪੁਲਿਸ ਹੁਣ ਇਸ ਮਾਮਲੇ ਨੂੰ ਲੈ ਕੇ ਉਸਦੇ ਬੱਚਿਆਂ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ। ਪਿਤਾ ਨੇ ਦੱਸਿਆ ਕਿ ਥਾਣਾ ਭਾਰਗਵ ਕੈਂਪ ਦੇ ਏ.ਐੱਸ.ਆਈ ਸੁਖਰਾਜ ਸਿੰਘ ਨੇ ਡੇਢ ਲੱਖ 'ਚ ਮਾਮਲਾ ਖਤਮ ਕਰਨ ਦੀ ਗੱਲ ਕਹੀ ਹੈ। ਪਿਤਾ ਨੇ ਦੱਸਿਆ ਕਿ ਏਐਸਆਈ ਸੁਖਰਾਜ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਹ ਕੱਲ੍ਹ ਸ਼ਾਮ 5 ਵਜੇ ਤੱਕ ਪੈਸੇ ਲੈ ਕੇ ਨਾ ਆਇਆ ਤਾਂ ਉਹ ਪਿਤਾ ਰਾਹੀਂ ਬੱਚੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦੇਣਗੇ। ਪਿਤਾ ਨੇ ਦੱਸਿਆ ਕਿ ਏ.ਐਸ.ਆਈ ਸੁਖਰਾਜ ਨੇ ਧਮਕੀ ਦਿੱਤੀ ਕਿ ਉਹ ਬੱਚੇ 'ਤੇ ਸਿੱਧੇ ਤੌਰ 'ਤੇ ਫਾਰਮ ਨਹੀਂ ਭਰ ਸਕਦਾ, ਇਸ ਲਈ ਉਹ ਪੁੱਤਰ 'ਤੇ ਪਿਤਾ ਰਾਹੀਂ ਫਾਰਮ ਭਰਵਾ ਦੇਵੇਗਾ। ਜਿਸ ਵਿੱਚ ਉਸ ਨੇ ਕਿਹਾ ਹੈ ਕਿ ਪਿਤਾ ਆਪਣੇ ਪੁੱਤਰ ਨੂੰ ਚੋਰੀ ਕਰਨ ਲਈ ਲੈ ਜਾਂਦਾ ਹੈ। ਇਸ ਮਾਮਲੇ ਨੂੰ ਲੈ ਕੇ ਪਿਤਾ ਨੇ ਸਿਵਲ ਹਸਪਤਾਲ 'ਚ ਬੱਚੇ 'ਤੇ ਕੁੱਟਮਾਰ ਕਰਨ ਦੇ ਦੋਸ਼ 'ਚ ਐੱਮ.ਐੱਲ.ਆਰ ਵੀ ਕੱਟ ਦਿੱਤੀ ਹੈ | ਪਿਤਾ ਦਾ ਇਲਜ਼ਾਮ ਹੈ ਕਿ ਏ.ਐਸ.ਆਈ ਸੁਖਰਾਜ ਸਿੰਘ ਉਸਦੇ ਜ਼ਰੀਏ ਉਸਦੇ ਪੁੱਤਰ ਦਾ ਭਵਿੱਖ ਤਬਾਹ ਕਰਨਾ ਚਾਹੁੰਦਾ ਹੈ। ਇਸ ਲਈ ਪਿਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਦਿਵਾਇਆ ਜਾਵੇ। ਰਿਪੋਰਟ : ਪਤਰਸ ਮਸੀਹ ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋਵੇਗੀ, 'ਆਪ' ਅੱਗੇ ਕਈ ਚੁਣੌਤੀਆਂ