AAP ਵਿਧਾਇਕ ਤੇ ਕਿਸਾਨਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਬਠਿੰਡਾ: ਸਬ ਡਵੀਜ਼ਨ ਮੌੜ ਦੇ ਪਿੰਡ ਮੌੜ ਚੜ੍ਹਤ ਸਿੰਘ ਵਿਖੇ ਬੀਤੇ ਦਿਨ ਮਾਈਨਿੰਗ ਨੂੰ ਲੈ ਕੇ ਹਲਕੇ ਦੇ ਆਪ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਅਤੇ ਕਿਸਾਨ ਆਗੂਆਂ ਵਿੱਚ ਚੱਲ ਰਹੇ ਵਿਵਾਦ ਦੌਰਾਨ ਅੱਜ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰਸ਼ਾਸਨਕ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨਾਲ ਖੇਤਾਂ ਦਾ ਦੌਰਾ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਵੱਖ -ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਆਪ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਹਰ ਕੰਮ ਵਿੱਚੋਂ ਹਿੱਸਾ ਭਾਲਦਾ ਹੈ, ਇਸ ਕਰਕੇ ਉਸ ਨੇ ਰਾਤ ਸਮੇਂ ਇਥੇ ਛਾਪਾਮਾਰੀ ਕੀਤੀ ਕਿ ਉਹਨਾਂ ਤੋਂ ਹਿੱਸਾ ਲਿਆ ਜਾਵੇ ਜਦੋਂ ਕਿ ਕਿਸਾਨ ਆਪਣੀ ਜ਼ਮੀਨ ਪੱਧਰ ਕਰ ਰਿਹਾ ਸੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 14 ਅਤੇ 15 ਸਤੰਬਰ ਨੂੰ ਹਲਕਾ ਮੌੜ ਵਿਧਾਨ ਸਭਾ ਹਲਕੇ ਦੇ ਅੰਦਰ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਆਪ ਸਰਕਾਰ ਅਤੇ ਆਪ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਜੇ ਫਿਰ ਵੀ ਦਰਜ ਮਾਮਲੇ ਰੱਦ ਨਾ ਕੀਤੇ ਗਏ ਤਾਂ 19 ਸਤੰਬਰ ਤੋਂ ਪੱਕਾ ਧਰਨਾ ਥਾਣਾ ਮੌੜ ਅੱਗੇ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ:ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ
ਦੱਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾ ਆਪ ਵਿਧਾਇਕ ਸੁਖਵੀਰ ਸਿੰਘ ਮਾਈਰਸਖਾਨਾ ਨੇ ਰਾਤ ਸਮੇਂ ਖੇਤਾਂ ਵਿੱਚ ਮਿੱਟੀ ਕੱਢ ਰਹੇ ਕਿਸਾਨਾਂ ਉੱਪਰ ਛਾਪਾਮਾਰੀ ਕਰਕੇ ਇਸ ਨੂੰ ਮਾਈਨਿੰਗ ਦੱਸਦੇ ਹੋਏ ਥਾਣਾ ਮੌੜ ਅਤੇ ਕੋਟਫੱਤਾ ਵਿਖੇ ਮਾਮਲੇ ਦਰਜ ਕਰਵਾਏ ਸਨ ਜਿਸ ਵਿੱਚ ਮੌੜ ਪੁਲਿਸ ਨੇ ਇੱਕ ਟਰੈਕਟਰ ਟਰਾਲੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਜਦੋਂ ਕਿ ਕਿਸਾਨ ਨੇ ਦਰਜ ਮਾਮਲੇ ਦਾ ਵਿਰੋਧ ਕੀਤਾ ਤੇ ਮਾਮਲੇ ਰੱਦ ਕਰਨ ਅਤੇ ਕਿਸਾਨ ਨੂੰ ਆਪਣੀ ਜ਼ਮੀਨ ਪੱਧਰ ਕਰਨ ਲਈ ਆਗਿਆ ਦੇਣ ਦੀ ਮੰਗ ਕੀਤੀ ਜਾ ਰਹੀ ਹੈ।
-PTC News