ਨਾਗਪੁਰ : ਅੱਜ ਕੱਲ੍ਹ ਪੁਲਿਸ ਪ੍ਰਸ਼ਾਸਨ ਬਹੁਤ ਸਖ਼ਤ ਹੁੰਦੀ ਨਜ਼ਰ ਆ ਰਹੀ ਹੈ। ਪੁਲਿਸ ਵਲੋਂ ਕਈ ਥਾਵਾਂ 'ਤੇ ਛਾਪਾ ਮਾਰੀ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਮਹਾਰਾਸ਼ਟਰ ਪੁਲਿਸ ਵਲੋਂ ਨਾਗਪੁਰ 'ਚ ਇਕ ਫਲੈਟ 'ਤੇ ਛਾਪਾ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਉਥੋਂ 4 ਕਰੋੜ 30 ਲੱਖ ਰੁਪਏ ਬਰਾਮਦ ਹੋਏ ਹਨ । ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਹਵਾਲਾ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਡੀਸੀਪੀ ਗਜਾਨਨ ਰਾਜਮਾਨੇ ਨੇ ਇਸ ਮਾਮਲੇ ਦੀ ਕਾਰਵਾਈ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਦੇਰ ਰਾਤ ਇਹ ਛਾਪੇਮਾਰੀ ਕੀਤੀ ਸੀ। ਡੀਸੀਪੀ ਨੇ ਅੱਗੇ ਦੱਸਿਆ ਕਿ ਰਕਮ ਇੰਨੀ ਸੀ ਕਿ ਇਸ ਦੀ ਗਿਣਤੀ ਲਈ ਮਸ਼ੀਨ ਮੰਗਵਾਉਣੀ ਪਈ। ਪੁਲਿਸ ਨੇ ਹਵਾਲਾ ਕਾਰੋਬਾਰੀਆਂ ਨੇਹਲ ਬਡਾਲੀਆ, ਵਿਲਾਸਭਾਈ ਪਚੀਕਰ ਅਤੇ ਸ਼ਿਵਕੁਮਾਰ ਦੀਵਾਨੀਵਾਲ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫਿਲਹਾਲ ਇੰਨੀ ਵੱਡੀ ਰਕਮ ਦੀ ਬਰਾਮਦਗੀ ਤੋਂ ਬਾਅਦ ਹੁਣ ਤਿੰਨਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਸ ਮਾਮਲੇ 'ਚ ਤਿੰਨਾਂ ਦੋਸ਼ੀਆਂ ਤੋਂ ਪੁੱਛ ਗਿੱਛ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਕੋਲ ਇੰਨੇ ਪੈਸੇ ਕਿੱਥੋਂ ਆਏ।
ਦੱਸ ਦੇਈਏ ਕਿ ਕੁਛ ਦਿਨ ਪਹਿਲਾਂ ਹੀ ਨਾਗਪੁਰ ਤੋਂ ਇੱਕ ਠੱਗੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਨੇ ਬੈਂਕ ਮੈਨੇਜਰ ਵੱਲੋਂ ਦਰਜ ਕਰਵਾਈਆਂ ਗਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਪੁਲਿਸ ਨੇ 11 ਵਿਅਕਤੀਆਂ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 (ਧੋਖਾਧੜੀ), 467 (ਜਾਅਲਸਾਜ਼ੀ) ਅਤੇ ਹੋਰ ਧਾਰਾਵਾਂ ਤਹਿਤ ਅੱਠ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।ਪੁਲੀਸ ਅਨੁਸਾਰ ਇਨ੍ਹਾਂ ਕੇਸਾਂ ਵਿੱਚ ਮੁਲਜ਼ਮਾਂ ਨੇ ਬੈਂਕ ਨਾਲ ਕਥਿਤ ਤੌਰ ’ਤੇ 3.53 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਅਤੇ ਉਨ੍ਹਾਂ ਨੂੰ ਵਾਪਸ ਨਾ ਕਰਕੇ ਠੱਗੀ ਮਾਰੀ ਹੈ।
ਇਹ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਧੋਖੇ ਨਾਲ ਕਰਜ਼ਾ ਲੈ ਕੇ ਬੈਂਕ ਨੂੰ 3.53 ਕਰੋੜ ਰੁਪਏ ਦੀ ਠੱਗੀ ਦਾ ਸੀ। ਠੱਗੀ ਦੇ ਦੋਸ਼ ਵਿੱਚ 11 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧ ਵਿਚ ਨਾਗਪੁਰ ਵਿਚ ਆਂਧਰਾ ਬੈਂਕ ਦੀ ਮਾਨੇਵਾੜਾ ਸ਼ਾਖਾ ਵਿਚ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਅੱਠ ਮਾਮਲੇ ਦਰਜ ਕੀਤੇ ਹਨ।

-PTC News