ਆਈਈਡੀ ਬੰਬ ਪਲਾਂਟ ਮਾਮਲਾ: ਅੰਮ੍ਰਿਤਸਰ ਦੇ ਮਕਬੂਲਪੁਰਾ ਚੌਂਕ ਤੋਂ ਮਾਸਟਰਮਾਈਂਡ ਖੁਸ਼ਹਾਲਦੀਪ ਗ੍ਰਿਫਤਾਰ
ਅੰਮ੍ਰਤਿਸਰ, 22 ਅਗਸਤ: ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਆਈਈਡੀ ਬੰਬ ਪਲਾਂਟ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਮੁਖ ਸਰਗਨਾ ਨੂੰ ਅੰਮ੍ਰਿਤਸਰ ਦੇ ਮਕਬੂਲਪੁਰਾ ਚੌਕ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਖੁਸ਼ਹਾਲਦੀਪ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ।
ਰਿਪੋਰਟਾਂ ਮੁਤਾਬਕ ਖੁਸ਼ਹਾਲਦੀਪ ਕੈਨੇਡਾ ਅਤੇ ਪਾਕਿਸਤਾਨ 'ਚ ਰਹਿ ਰਹੇ ਅੱਤਵਾਦੀਆਂ ਦੇ ਸੰਪਰਕ 'ਚ ਸੀ। ਖੁਸ਼ਹਾਲਦੀਪ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸਨੂੰ 25 ਅਗਸਤ ਤੱਕ ਪੁਲਿਸ ਰਿਮਾਂਡ 'ਚ ਭੇਜ ਦਿੱਤਾ। ਇਸਤੋਂ ਪਹਿਲਾਂ ਪਿਛਲੇ ਹਫਤੇ ਦੇ ਸ਼ੁਰੂ ਵਿਚ ਇਸ ਮਾਮਲੇ 'ਚ ਪੰਜਾਬ ਪੁਲਿਸ ਮੁਲਾਜ਼ਮ ਹਰਪਾਲ ਸਿੰਘ ਅਤੇ ਸਾਥੀ ਫਤਿਹਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਬੀਤੀ 20 ਅਗਸਤ ਨੂੰ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐਸ) ਨੇ ਇਸ ਮਾਮਲੇ ਵਿੱਚ ਸ਼ਾਮਲ ਕਥਿਤ ਮੁਲਜ਼ਮ ਰਾਜੇਂਦਰ ਕੁਮਾਰ ਉਰਫ਼ ਬਾਊ ਰਾਮਕੁਮਾਰ ਵੇਦੀ ਅਤੇ ਉਸ ਦੇ ਸਾਥੀ ਕੁਸ਼ਲ ਨੂੰ ਮਹਾਰਾਸ਼ਟਰ ਦੇ ਸ਼ਿਰਡੀ ਤੋਂ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਪੁਲਿਸ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਏ.ਟੀ.ਐਸ ਮਹਾਰਾਸ਼ਟਰ ਨੇ ਇੱਕ ਸਾਂਝੇ ਆਪ੍ਰੇਸ਼ਨ 'ਚ ਕਥਿਤ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮਾਮਲੇ ਵਿੱਚ ਸ਼ੱਕੀਆਂ ਦੀ ਭੂਮਿਕਾ ਦੀ ਜਾਂਚ ਲਈ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਆਈਈਡੀ ਬੰਬ ਪਲਾਂਟ ਦੀ ਘਟਨਾ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਵਾਪਰੀ ਸੀ ਜਦੋਂ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਗੱਡੀ ਹੇਠੋਂ ਬੰਬ ਮਿਲਣ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ।
ਜਾਣਕਾਰੀ ਅਨੁਸਾਰ ਬੀਤੀ 16 ਅਗਸਤ ਨੂੰ ਸਵੇਰੇ ਕਾਰ ਧੋਣ ਆਏ ਦੋ ਨੌਜਵਾਨਾਂ ਨੇ ਕਾਰ ਦੇ ਇਕ ਟਾਇਰ ਨੇੜੇ ਤਾਰ ਵੇਖ ਕੇ ਸਬ ਇੰਸਪੈਕਟਰ ਦਿਲਬਾਗ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਚੁੱਕੀ ਹੈ, ਜਿਸ ਦੇ ਆਧਾਰ 'ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਆਈਈਡੀ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
-PTC News