ਪੁਲਿਸ ਅਕਾਦਮੀ 'ਚ ਨਸ਼ਿਆਂ ਦੀ ਵੰਡ ਨੂੰ ਲੈ ਕੇ ਹੋਰਾਂ 'ਤੇ ਕਸਿਆ ਸ਼ਿਕੰਜਾ, 2 ਪੁਲਿਸ ਕਰਮੀ ਪਹਿਲਾਂ ਹੀ ਜੇਲ੍ਹ 'ਚ
ਮੁਨੀਸ਼ ਬਾਵਾ, (ਜਲੰਧਰ, 12 ਮਈ): ਫਿਲੌਰ ਦੀ ਪੰਜਾਬ ਪੁਲਿਸ ਅਕਾਦਮੀ ਵਿੱਚ ਚਲਦੇ ਨਸ਼ੇ ਦੇ ਧੰਦੇ 'ਚ ਪਹਿਲਾਂ ਹੀ ਦੋ ਪੁਲਿਸ ਕਰਮੀਆਂ ਨੂੰ ਗ੍ਰਿਫਤਾਰ ਕਰ ਬੁਧਵਾਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਹੁਣ ਹੋਰ ਮੁਲਾਜ਼ਮਾਂ 'ਤੇ ਵੀ ਕਾਰਵਾਈ ਕਰਨ ਨੂੰ ਤਿਆਰ ਬੈਠੀ ਹੈ ਜਿਸਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ। ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵੱਡਾ ਐਕਸ਼ਨ, ਕਿਹਾ-ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਾ ਜਾਵੇ ਰਿਪੋਰਟ ਵਿੱਚ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਹੈ ਕਿ ਅਕਦਮੀ ਵਿੱਚ ਨਸ਼ੇ ਦਾ ਧੰਦਾ ਚੱਲ ਰਿਹਾ ਸੀ ਅਤੇ ਕਈ ਪੁਲਿਸ ਵਾਲੇ ਇਸ ਧੰਦੇ ਦਾ ਸ਼ਿਕਾਰ ਹੋਏ ਸਨ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋ ਹਫਤੇ ਪਹਿਲਾਂ ਅਕਾਦਮੀ ਵਿੱਚ ਇੱਕ ਅਧਿਕਾਰੀ ਨਸ਼ੇ ਦੀ ਓਵਰਡੋਜ ਦੇ ਚਲਦੇ ਕੋਮਾ ਵਿੱਚ ਚਲਾ ਗਿਆ। ਇਸ ਦੇ ਬਾਅਦ ਸਾਰੇ ਮਾਮਲੇ ਦਾ ਰਾਜਫਾਸ਼ ਹੋਇਆ ਕਿ ਅਕਾਦਮੀ ਵਿੱਚ ਕੀ ਚੱਲ ਰਿਹਾ ਹੈ। ਨਸ਼ੇ ਦੀ ਪਕੜ ਵਿੱਚ ਆਇਆ ਇਹ ਪੁਲਿਸ ਮੁਲਾਜ਼ਮ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਅਕਾਦਮੀ ਵਿਚ ਤੈਨਾਤ ਪੁਲਿਸ ਮੁਲਾਜ਼ਮਾਂ ਵੱਲੋਂ ਖੁਦ ਨਸ਼ੀਲੇ ਪਦਾਰਥਾਂ ਦਾ ਨਸ਼ਾ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨਾਲ ਹੀ ਰਹਿੰਦੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਨਸ਼ੀਲੇ ਪਦਾਰਥ ਦੇ ਕੇ ਨਸ਼ਾ ਕਰਨ ਲਈ ਪਹਿਲਾਂ ਉਕਸਾ ਲਿਆ ਜਾਂਦਾ, ਥੋੜੇ ਸਮੇਂ ਉਸ ਨੂੰ ਮੁਫ਼ਤ ਵਿੱਚ ਨਸ਼ਾ ਕਰਵਾਉਂਦੇ ਪਰ ਜਦੋਂ ਉਕਤ ਮੁਲਾਜ਼ਮ ਨਸ਼ੇ ਦਾ ਆਦੀ ਹੋ ਜਾਂਦਾ 'ਤੇ ਉਸ ਨੂੰ ਨਸ਼ਾ ਮੁਫ਼ਤ ਦੇਣ ਤੋਂ ਮਨ੍ਹਾ ਕਰ ਦਿੰਦੇ। ਫਿਰ ਨਸ਼ੇ ਦੀ ਪੂਰਤੀ ਲਈ ਉਸ ਨੂੰ ਨਸ਼ਾ ਖਰੀਦ ਕੇ ਪੀਣ ਲਈ ਮਜਬੂਰ ਕਰ ਦਿੱਤਾ ਜਾਂਦਾ। ਇਸ ਦੇ ਚਲਦਿਆਂ ਇੱਕ ਪੁਲਿਸ ਮੁਲਾਜ਼ਮ ਨੇ 12 ਲੱਖ ਦੇ ਕਰੀਬ ਪੈਸੇ ਨਸ਼ੇ ਵਿਚ ਉਡਾ ਦਿੱਤੇ। ਇਹ ਸਿਲਸਿਲਾ ਇਥੇ ਹੀ ਖਤਮ ਨਹੀਂ ਹੋਇਆ, ਨਸ਼ਾ ਕਰਨ ਲਈ ਉਕਤ ਨਸ਼ਾ ਵੇਚਣ ਵਾਲੇ ਮੁਲਾਜ਼ਮਾਂ ਨੇ ਆਪਣੀ ਜ਼ਿੰਮੇਵਾਰੀ 'ਤੇ ਫਿਲੋਰ ਦੀ ਇੱਕ ਨਿਜੀ ਫਾਇਨਾਂਸ ਕੰਪਨੀ ਅਤੇ ਇੱਕ ਪ੍ਰਾਈਵੇਟ ਬੈਂਕ ਤੋਂ ਕਰਜ਼ਾ ਵੀ ਦਵਾਇਆ। ਉਨ੍ਹਾਂ ਕਈ ਵਾਰ ਪੇਟੀਐਮ ਰਾਹੀਂ ਅਤੇ ਨਕਦ ਰਾਸ਼ੀ ਦੇ ਕੇ ਵੀ ਨਸ਼ੇ ਦੀ ਖਰੀਦ ਕਰਵਾਈ। ਜਿਸਤੋਂ ਬਾਅਦ ਪੁਲਿਸ ਨੇ ਰਮਨਦੀਪ ਸਿੰਘ ਦੇ ਬਿਆਨਾਂ ਤੇ ਹੈਂਡ ਕਾਂਸਟੇਬਲ ਸ਼ਕਤੀ ਕੁਮਾਰ ਅਤੇ ਜੈਰਾਮ ਵਾਟਰ ਕੈਰੀਅਰ ਕਰਨ ਵਾਲੇ ਖਿਲਾਫ ਮੁਕੱਦਮਾ ਦਰਜ ਕਰਕੇ ਉਕਤ ਮੁਲਾਜ਼ਮਾਂ ਨੂੰ ਗਿਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ। ਉਧਰ ਦੂਜੇ ਪਾਸੇ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਵਾਟਰ ਕੈਰੀਅਰ ਕਰਨ ਵਾਲੇ ਜੈਰਾਮ ਦੇ ਪੁੱਤਰ ਗੈਰੀ ਅਤੇ ਉਸਦੇ ਵਕੀਲ ਜੌਏ ਨੇ ਪੀਟੀਸੀ ਨਾਲ ਐਕਸਕਲੂਜ਼ਿੱਵ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਰ ਰਾਤ ਫਿਲੌਰ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਅਕੈਡਮੀ ਵਿਚ ਰੇਡ ਕੀਤੀ ਗਈ ਪਰ ਨਾ ਕੋਈ ਡਰੱਗ ਅਤੇ ਨਾ ਹੀ ਡਰੱਗ ਮਨੀ ਬਰਾਮਦ ਹੋਈ। ਇਹ ਵੀ ਪੜ੍ਹੋ: PSEB ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ 12ਵੀਂ ਜਮਾਤ ਦੇ ਟਰਮ-1 ਦੇ ਨਤੀਜਿਆਂ ਦਾ ਕੀਤਾ ਐਲਾਨ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਵੱਡੇ ਮਗਰਮੱਛਾਂ ਨੂੰ ਨਹੀਂ ਫੜਿਆ ਗਿਆ ਪਰ ਉਨ੍ਹਾਂ ਦੇ ਪਿਤਾ ਜਿਨ੍ਹਾਂ ਦੀ ਉਮਰ ਪਚਵੰਜਾ ਸਾਲ ਹੈ ਅਤੇ ਤਕਰੀਬਨ ਬੱਤੀ ਤੇਤੀ ਸਾਲ ਤੋਂ ਉਹ ਨੌਕਰੀ ਕਰਦੇ ਹਨ ਅਤੇ ਰਿਟਾਇਰ ਹੋਣ ਦੇ ਨੇੜੇ ਹਨ। -PTC News