ਪ੍ਰਧਾਨ ਮੰਤਰੀ ਮੋਦੀ ਅੱਜ ਅਸਾਮ ਦਾ ਕਰਨਗੇ ਦੌਰਾ , 7 ਕੈਂਸਰ ਹਸਪਤਾਲਾਂ ਦਾ ਕਰਨਗੇ ਉਦਘਾਟਨ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਵਿਖੇ ਪੁੱਜਣਗੇ। ਪ੍ਰਧਾਨ ਮੰਤਰੀ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਮੋਦੀ ਸਵੇਰੇ 11 ਵਜੇ ਕਾਰਬੀ ਐਂਗਲੌਂਗ ਜ਼ਿਲ੍ਹੇ ਦੇ ਡਿਪੂ ਵਿਖੇ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਮੁਤਾਬਕ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਸਿੱਖਿਆ ਦੇ ਖੇਤਰ ਵਿੱਚ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਸੁਰੱਖਿਆ ਦੇ ਪ੍ਰਬੰਧ ਪੁਖਤਾ ਕੀਤੇ ਹੋਏ ਹਨ ਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਿਥੇ-ਜਿਥੇ ਮੋਦੀ ਨੇ ਪੁੱਜਣਾ ਹੈ ਉਥੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਹਨ। ਪ੍ਰਧਾਨ ਮੰਤਰੀ ਮੋਦੀ ਆਪਣੇ ਆਸਾਮ ਦੌਰੇ ਦੌਰਾਨ ਦੀਫੂ ਵਿਖੇ ਵੈਟਰਨਰੀ ਕਾਲਜ (ਦੀਫੂ), ਪੱਛਮੀ ਕਾਰਬੀ ਐਂਗਲੋਂਗ ਵਿੱਚ ਡਿਗਰੀ ਕਾਲਜ ਅਤੇ ਕੋਲੋਂਗਾ, ਪੱਛਮੀ ਕਾਰਬੀ ਐਂਗਲੋਂਗ ਵਿੱਚ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਵੀ ਰੱਖਣਗੇ। 500 ਕਰੋੜ ਰੁਪਏ ਤੋਂ ਵੱਧ ਦੇ ਇਹ ਪ੍ਰੋਜੈਕਟ ਇਸ ਖੇਤਰ 'ਚ ਹੁਨਰ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਲੈ ਕੇ ਆਉਣਗੇ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ 2950 ਤੋਂ ਵੱਧ ਅੰਮ੍ਰਿਤ ਸਰੋਵਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਅੰਮ੍ਰਿਤ ਸਰੋਵਰਾਂ ਨੂੰ ਰਾਜ 'ਚ ਲਗਭਗ 1150 ਕਰੋੜ ਰੁਪਏ ਦੀ ਸੰਚਤ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ। ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਖੇਤਰ ਦੀ ਸ਼ਾਂਤੀ ਤੇ ਵਿਕਾਸ ਲਈ ਪ੍ਰਧਾਨ ਮੰਤਰੀ ਦੀ ਅਟੁੱਟ ਵਚਨਬੱਧਤਾ ਭਾਰਤ ਸਰਕਾਰ ਅਤੇ ਅਸਾਮ ਸਰਕਾਰ ਦੁਆਰਾ ਛੇ ਕਾਰਬੀ ਕੱਟੜਪੰਥੀ ਸੰਗਠਨਾਂ ਨਾਲ ਇੱਕ ਸਮਝੌਤਾ ਪੱਤਰ ਉੱਤੇ ਦਸਤਖ਼ਤ ਕਰਨਾ ਸੀ। ਪ੍ਰਧਾਨ ਮੰਤਰੀ ਲਗਭਗ 01:45 ਵਜੇ ਅਸਾਮ ਮੈਡੀਕਲ ਕਾਲਜ, ਡਿਬਰੂਗੜ੍ਹ ਪਹੁੰਚਣਗੇ। ਮੋਦੀ ਡਿਬਰੂਗੜ੍ਹ ਕੈਂਸਰ ਹਸਪਤਾਲ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨਗੇ। ਬਾਅਦ 'ਚ ਕਰੀਬ 3 ਵਜੇ ਉਹ ਡਿਬਰੂਗੜ੍ਹ ਦੇ ਖਾਨੀਕਰ ਮੈਦਾਨ 'ਚ ਇਕ ਜਨਤਕ ਸਮਾਗਮ 'ਚ ਵੀ ਹਿੱਸਾ ਲੈਣਗੇ। ਮੋਦੀ ਇੱਥੇ 6 ਹੋਰ ਕੈਂਸਰ ਹਸਪਤਾਲ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਤਰ੍ਹਾਂ ਪ੍ਰਧਾਨ ਮੰਤਰੀ ਅੱਜ ਸੱਤ ਨਵੇਂ ਕੈਂਸਰ ਹਸਪਤਾਲਾਂ ਦਾ ਨੀਂਹ ਪੱਥਰ ਰੱਖਣਗੇ। ਕੈਂਸਰ ਹਸਪਤਾਲ ਡਿਬਰੂਗੜ੍ਹ, ਕੋਕਰਾਝਾਰ, ਬਾਰਪੇਟਾ, ਦਰੰਗ, ਤੇਜ਼ਪੁਰ, ਲਖੀਮਪੁਰ ਅਤੇ ਜੋਰਹਾਟ ਵਿੱਚ ਬਣਾਏ ਗਏ ਹਨ। ਜ਼ਿਕਰਯੋਗ ਹੈ ਕਿ ਪੀਐਮ ਮੋਦੀ ਦੇ ਅਸਾਮ ਦੌਰੇ ਕਾਰਨ ਸਰਕਾਰ ਨੇ ਵਿਸ਼ੇਸ਼ ਤੌਰ 'ਤੇ ਦੋਵਾਂ ਜ਼ਿਲ੍ਹਿਆਂ ਵਿੱਚ 28 ਅਪ੍ਰੈਲ ਨੂੰ ਸਰਕਾਰੀ ਛੁੱਟੀ ਐਲਾਨੀ ਹੋਈ ਹੈ। ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਪੁਲਵਾਮਾ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ, ਜਵਾਨ ਜ਼ਖਮੀ