ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇਗਾ : ਐਡਵੋਕੇਟ ਧਾਮੀ
ਅੰਮ੍ਰਿਤਸਰ : ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦੇ ਹੋਏ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕਦੇ ਵੀ ਆਪਣੇ ਫਰਜ਼ਾਂ ਦੀ ਪੂਰਤੀ ਤੋਂ ਮੁਨਕਰ ਨਹੀਂ ਹੋਈ। ਜੇਲ੍ਹਾਂ ਵਿੱਚ ਕੈਦ ਜੁਝਾਰੂ ਸਿੰਘਾਂ ਦੀ ਰਿਹਾਈ ਲਈ ਪੰਥਕ ਇਕੱਤਰਤਾ ਦੀ ਸਮੁੱਚੇ ਪੰਥ ਨੂੰ ਉਨ੍ਹਾਂ ਨੇ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਰਬੱਤ ਖ਼ਾਲਸਾ ਦਾ ਹੀ ਰੂਪ 11 ਮੈਂਬਰੀ ਕਮੇਟੀ ਦੀ ਇਹ ਪਲੇਠੀ ਮੀਟਿੰਗ ਹੈ। ਇਕਸੁਰਤਾ ਨਾਲ ਵਿਚਾਰਾਂ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੇ ਸੰਘਰਸ਼ੀ ਕੈਦੀਆਂ ਦਾ ਵੇਰਵਾ ਇਕੱਤਰ ਕੀਤਾ ਜਾਵੇਗਾ। 15 ਦਿਨ ਦੇ ਅੰਦਰ-ਅੰਦਰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸਾਰੇ ਸਿੱਖ ਇਕੱਠੇ ਹੋ ਕੇ ਮਿਲਣਗੇ। ਕਰਨਾਟਕ ਦੇ ਮੁੱਖ ਮੰਤਰੀ ਨੂੰ ਵੀ ਸਿੱਖ ਭਾਈਚਾਰੇ ਦਾ ਵਫਦ ਮਿਲੇਗਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਿਨ੍ਹਾਂ ਸਿੰਘਾਂ ਦੀ ਰਿਹਾਈ ਦਾ ਆਦੇਸ਼ ਕੀਤਾ ਗਿਆ ਉਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਵੱਲੋਂ ਮਤਭੇਦ ਭੁਲਾ ਬੰਦੀ ਸਿੰਘਾਂ ਦੀ ਰਿਹਾਈ ਲਈ ਪਹਿਲਕਦਮੀ ਕੀਤੀ ਜਾਵੇਗੀ। ਕੋਰੋਨਾ ਕਾਲ ਦੌਰਾਨ ਹੋਲੇ-ਮਹੱਲੇ ਮੌਕੇ ਹਜੂਰ ਸਾਹਿਬ ਵਿਖੇ ਵਿਵਾਦ ਹੋ ਗਿਆ ਸੀ। 465 ਸਿੱਖਾਂ ਉ ਪਰਚੇ ਕੀਤੇ ਗਏ ਸਨ। ਇਸ ਸਬੰਧ ਵਿੱਚ ਉਨ੍ਹਾਂ ਦੇ ਕੇਸ ਦੀ ਪੈਰਵੀ ਕੀਤੀ ਜਾਵੇਗੀ। ਮਹਾਰਾਸ਼ਟਰ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਅੱਗੇ ਕਿਹਾ ਕਿ ਜੋ ਸੰਘਰਸ਼ ਅੱਜ ਵਿੱਢਿਆ ਗਿਆ ਹੈ ਉਸ ਦੇ ਚੰਗੇ ਨਤੀਜੇ ਆਉਣਗੇ। ਉਨ੍ਹਾਂ ਨੇ ਕਿਹਾ ਕਿ 2014 ਵਿੱਚ ਵੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਗਈ ਸੀ। ਸ਼੍ਰੋਮਣੀ ਕਮੇਟੀ ਹਮੇਸ਼ਾ ਕੌਮੀ ਸੰਘਰਸ਼ੀ ਯੋਧਿਆਂ ਦੀ ਪੈਰਵੀ ਕਰਦੀ ਰਹੀ ਹੈ। ਸਾਰੇ ਕੈਦੀ ਸਿੰਘਾਂ ਦੀ ਰਿਹਾਈ ਲਈ ਯਤਨ ਕੀਤੇ ਜਣਗੇ। ਇਸ ਸਬੰਧੀ ਇਕ ਸੂਚੀ ਬਣਾਈ ਜਾਵੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਉਨ੍ਹਾਂ ਕੋਲ 22 ਬੰਦੀ ਸਿੰਘਾਂ ਦੀ ਸੂਚੀ ਹੈ। ਇਸ ਸੂਚੀ ਵਿੱਚ 9 ਸਿੰਘ ਅਜਿਹੇ ਹਨ ਜੋ ਕਿ 32 ਸਾਲ ਤੋਂ ਕੈਦ ਵਿੱਚ ਹਨ । ਇਨ੍ਹਾਂ ਨੂੰ ਜਲਦ ਤੋਂ ਜਲਦ ਰਿਹਾਅ ਕਰਵਾਉਣ ਲਈ ਉਚੇਚੇ ਕਦਮ ਚੁੱਕੇ ਜਾਣਗੇ। ਇਹ ਵੀ ਪੜ੍ਹੋ : ਨਕਲੀ ਬੀਜ ਕਾਰਨ ਫ਼ਸਲ ਹੋਈ ਤਬਾਹ, ਵਿਧਾਇਕਾ ਮਿੱਤਲ ਦੇ ਘਰ ਅੱਗੇ ਅੜੇ ਕਿਸਾਨ