ਦਰਦਨਾਕ ਹਾਦਸਾ: ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ, ਇਕ ਮਹਿਲਾ ਦੀ ਮੌਤ, 2 ਜ਼ਖ਼ਮੀ
ਫਗਵਾੜਾ: ਫਗਵਾੜਾ ਵਿਚ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਜਦਕਿ ਦੂਜੀ ਮਹਿਲਾ ਅਤੇ ਉਸ ਦੀ ਡੇਢ ਤੋਂ ਦੋ ਮਹੀਨੇ ਦੀ ਬੱਚੀ ਗੰਭੀਰ ਰੂਪ 'ਚ ਜ਼ਖਮੀ ਹੋਈ ਹੈ ਤੇ ਹੁਣ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇੱਥੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ ਜਿੱਥੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਦੀ ਬਜਾਏ ਲੋਕ ਉਨ੍ਹਾਂ ਦੀ ਵੀਡੀਓ ਬਣਾਉਂਦੇ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਪ੍ਰੀਆ ਕੌੜਾ ਵਾਸੀ ਫਗਵਾੜਾ ਆਪਣੀ ਮਾਤਾ ਮਮਤਾ ਅਤੇ ਬੇਟੀ ਨਾਲ ਜਲੰਧਰ ਤੋਂ ਫਗਵਾੜਾ ਐਕਟਿਵਾ ਤੇ ਆ ਰਹੇ ਸਨ ਤਾਂ ਮਗਰੋਂ ਇਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਸੜਕ 'ਤੇ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ ਜਿਸ ਨਾਲ ਪ੍ਰੀਆ ਦੀ ਮਾਤਾ ਮਮਤਾ(ਦਾਦੀ) ਦੀ ਮੌਤ ਹੋ ਗਈ। ਪ੍ਰੀਆ ਅਤੇ ਉਸਦੀ ਬੱਚੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਰਾਹਗੀਰ ਆਪਣੀ ਗੱਡੀ ਵਿਚ ਸਿਵਲ ਹਸਪਤਾਲ ਫਗਵਾੜਾ ਵਿੱਚ ਲੈ ਗਏ ਜਿੱਥੇ ਉਹ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ:ਸ਼ਰਾਬ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ
ਇੱਥੇ ਰਾਹਗੀਰ ਨੇ ਦੱਸਿਆ ਕਿ ਲੋਕ ਤਮਾਸ਼ਬੀਨ ਬਣ ਕੇ ਵੀਡੀਓ ਬਣਾ ਰਹੇ ਸਨ ਜੇਕਰ ਸਮਾਂ ਰਹਿੰਦੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਹੋ ਸਕਦਾ ਸੀ ਕਿ ਮਹਿਲਾ ਦੀ ਜਾਨ ਬਚ ਜਾਂਦੀ। ਇਸ ਸਬੰਧੀ ਫਗਵਾੜਾ ਪੁਲਿਸ ਨੇ ਅਣਪਛਾਤੇ ਡਰਾਈਵਰ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਟਿੱਪਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਜਦਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
(ਮੁਨੀਸ਼ ਬਾਵਾ ਦੀ ਰਿਪੋਰਟ )
-PTC News