ਫਗਵਾੜਾ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਗੱਡੇ ਜਿੱਤ ਦੇ ਝੰਡੇ
ਫਗਵਾੜਾ ਜ਼ਿਮਨੀ ਚੋਣ: ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਗੱਡੇ ਜਿੱਤ ਦੇ ਝੰਡੇ,ਫਗਵਾੜਾ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਬੀਤੀ 21 ਅਕਤੂਬਰ ਨੂੰ ਹੋਈ ਵੋਟਿੰਗ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਵੋਟਾਂ ਦੀ ਗਿਣਤੀ ਵੀਰਵਾਰ ਸਵੇਰੇ 8 ਵਜੇ ਸ਼ੁਰੂ ਹੋਈ ਸੀ।ਪੰਜਾਬ ਦੇ 33 ਉਮੀਦਵਾਰਾਂ ਦੀ ਕਿਸਮਤ EVM ਮਸ਼ੀਨਾਂ ‘ਚ ਬੰਦ ਹੈ, ਜਿਸ ਦਾ ਫੈਸਲਾ ਅੱਜ ਹੋ ਰਿਹਾ ਹੈ। ਇਸ ਦੌਰਾਨ ਵੱਡੀ ਖਬਰ ਫਗਵਾੜਾ ਤੋਂ ਸਾਹਮਣੇ ਆ ਰਹੀ ਹੈ ਕਿ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਰੋਧੀਆਂ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕਰ ਲਈ ਹੈ। ਜਿਸ ਦੌਰਾਨ ਫਗਵਾੜਾ 'ਚ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਬਲਵਿੰਦਰ ਸਿੰਘ ਧਾਲੀਵਾਲ ਨੇ 26016 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਬਲਵਿੰਦਰ ਸਿੰਘ ਧਾਲੀਵਾਲ ਨੂੰ ਕੁੱਲ 49000 ਵੋਟਾਂ ਮਿਲੀਆਂ, ਉਥੇ ਭਾਜਪਾ ਉਮੀਦਵਾਰ ਰਾਜੇਸ਼ ਬਾਘਾ ਨੂੰ 22984 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ 2905 ਵੋਟਾਂ ਮਿਲੀਆਂ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਫਗਵਾੜਾ ਸੀਟ ‘ਤੇ ਮੁੱਖ ਮੁਕਾਬਲਾ ਭਾਜਪਾ ਅਤੇ ਕਾਂਗਰਸ ਦਾ ਸੀ। ਉਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੱਗੀ ਅਤੇ ਕਈ ਹੋਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਕਿਸਮਤ ਅਜ਼ਮਾ ਰਹੇ ਸਨ। ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਲੱਗਭਗ ਸਾਹਮਣੇ ਆ ਚੁੱਕੇ ਹਨ। -PTC News