ਭਲਕੇ ਇਸ ਜ਼ਿਲ੍ਹੇ ਦੇ ਪੈਟਰੋਲ ਪੰਪ ਰਹਿਣਗੇ ਬੰਦ
ਬਠਿੰਡਾ : ਸਰਕਾਰ ਵੱਲੋਂ ਹਾਈਵੇ ਉਪਰ ਲਿੰਕ ਸੜਕਾਂ ਦੇ ਕਿਨਾਰੇ ਬਣੇ ਪੈਟਰੋਲ ਪੰਪਾਂ ਉਤੇ ਸੜਕ ਵਰਤਣ ਦਾ ਕਹਿ ਕੇ ਮੋਟੇ ਟੈਕਸ ਵਸੂਲਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹੇ ਅਧੀਨ ਪੈਂਦੀਆਂ ਸਾਰੀਆਂ ਮੰਡੀਆਂ ਦੇ ਪੈਟਰੋਲ ਪੰਪ 30 ਅਗਸਤ ਨੂੰ ਸਵੇਰੇ 6.00 ਵਜੇ ਤੋਂ 12.00 ਵਜੇ ਤੱਕ 6 ਘੰਟੇ ਲਗਾਤਾਰ ਬੰਦ ਰਹਿਣਗੇ। ਪੈਟਰੋਲ ਪੰਪ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਾਂਸਲ ਨੇ ਦੱਸਿਆ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਸਮੂਹ ਪੈਟਰੋਲ ਪੰਪਾਂ ਦੀ ਐਨਓਸੀ ਜਦ ਕੰਪਨੀਆਂ ਦੇ ਨਾਮ ਉਤੇ ਹੀ ਹੁੰਦੀ ਹੈ ਤਾਂ ਉਕਤ ਟੈਕਸ ਵਸੂਲ ਕਰਨ ਲਈ ਨੋਟਿਸ ਸਰਕਾਰ ਨੂੰ ਪੈਟਰੋਲ ਪੰਪ ਮਾਲਕਾਂ ਦੀ ਬਜਾਏ ਕੰਪਨੀਆਂ ਨੂੰ ਭੇਜਣੇ ਚਾਹੀਦੇ ਹਨ। ਉਨ੍ਹਾਂ ਨੇ ਉਕਤ ਟੈਕਸ ਨੂੰ ਨਾਜਾਇਜ਼ ਦੱਸਦੇ ਹੋਏ ਕਿਹਾ ਕਿ ਸੜਕਾਂ ਕਿਨਾਰੇ ਪੰਪ ਜਾਂ ਹੋਰ ਅਦਾਰੇ ਸੜਕਾਂ ਨਹੀਂ ਵਰਤਦੇ ਬਲਕਿ ਵਾਹਨ ਚਾਲਕ ਸੜਕਾਂ ਦੀ ਵਰਤੋਂ ਕਰਦੇ ਹਨ ਤੇ ਉਹ ਪਹਿਲਾਂ ਹੀ ਸਰਕਾਰ ਨੂੰ ਰੋਡ ਟੈਕਸ ਤੇ ਟੋਲ ਟੈਕਸ ਦੂਹਰਾ ਟੈਕਸ ਭਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲ 2017 ਤੋਂ ਬਾਅਦ ਸਰਕਾਰ ਵੱਲੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤਾਂ ਕਈ ਗੁਣਾ ਵਧਾ ਦਿੱਤੀਆਂ ਗਈਆਂ ਹਨ ਪਰ ਪੰਪ ਮਾਲਕਾਂ ਦਾ ਕਮਿਸ਼ਨ ਨਹੀਂ ਵਧਾਇਆ ਗਿਆ। ਪੰਪ ਮਾਲਕ ਪਹਿਲਾਂ ਹੀ ਕੋਰੋਨਾ ਕਾਲ ਦੌਰਾਨ ਲੰਬਾ ਸਮਾਂ ਲਗਾਈ ਗਈ ਤਾਲਾਬੰਦੀ ਕਾਰਨ ਘਾਟੇ ਵਿਚ ਚੱਲ ਰਹੇ ਹਨ, ਜਦਕਿ ਕੋਰੋਨਾ ਕਾਲ ਦੀ ਤਾਲਾਬੰਦੀ ਦੌਰਾਨ ਵੀ ਪੈਟਰੋਲ ਪੰਪ ਦੇ ਮਾਲਕਾਂ ਨੇ ਫਰੰਟ ਲਾਇਨ ਉਤੇ ਰਹਿ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਪਰ ਸਰਕਾਰ ਨੇ ਘਾਟੇ ਦੀ ਪੂਰਤੀ ਲਈ ਪੰਪ ਮਾਲਕਾਂ ਨੂੰ ਕੋਈ ਰਿਆਇਤ ਨਹੀਂ ਦਿੱਤੀ। -PTC News ਇਹ ਵੀ ਪੜ੍ਹੋ : ਬਿਜਲੀ ਵਿਭਾਗ ਨੇ ਪਿਛਲੇ 6 ਮਹੀਨਿਆਂ ਦੌਰਾਨ 1702 ਉਮੀਦਵਾਰਾਂ ਨੂੰ ਦਿੱਤੀਆਂ ਨੌਕਰੀਆਂ: ਬਿਜਲੀ ਮੰਤਰੀ