ਭਗਵੰਤ ਮਾਨ ਬਣੇ ਵਿਧਾਇਕ ਦਲ ਦੇ ਨੇਤਾ
ਮੁਹਾਲੀ : ਮੋਹਾਲੀ ਵਿਖੇ ਅੱਜ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 13 ਮਾਰਚ ਨੂੰ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣਗੇ। ਉਨ੍ਹਾਂ ਨੇ ਕਿਹਾ ਕਿ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਪੰਜਾਬ ਦਾ ਮੰਤਰੀ ਮੰਡਲ ਸਹੁੰ ਚੁੱਕੇਗਾ। ਉਨ੍ਹਾਂ ਨੇ ਕਿਹਾ ਕਿ ਸਭ ਦਾ ਸਤਿਕਾਰ ਤੇ ਮਾਣ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਾਸੀਆਂ ਦਾ ਇੰਨੇ ਵੱਡੇ ਬਹੁਮਤ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹਦਾਇਤ ਦਿੱਤੀ ਕਿ ਸਿਰ ਉਤੇ ਹੰਕਾਰ ਨਹੀਂ ਚੜ੍ਹਨਾ ਚਾਹੀਦਾ। ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਉਨ੍ਹਾਂ ਨੂੰ ਵੀ ਕੁਝ ਮਹਿਸੂਸ ਨਹੀਂ ਹੋਣ ਦੇਣਾ ਚਾਹੀਦਾ ਕਿ ਉਨ੍ਹਾਂ ਦੀ ਸਰਕਾਰ ਨਹੀਂ। ਕਿਸੇ ਉਤੇ ਨਾਜਾਇਜ਼ ਪਰਚਾ ਨਹੀਂ ਪੁਆਉਣਾ। ਵਿਧਾਇਕਾਂ ਨੂੰ ਕਿਹਾ ਕਿ ਘੱਟ ਤੋਂ ਘੱਟ ਚੰਡੀਗੜ੍ਹ ਵਿੱਚ ਰਹਿਣਾ ਬਲਕਿ ਜਿਥੋਂ ਵੋਟਾਂ ਲਈਆਂ ਹਨ ਉਥੇ ਹੀ ਰਹਿਣਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਘਰ-ਘਰ ਜਾ ਕੇ ਕੰਮ ਕਰਵਾਏ ਜਾਣਗੇ, ਕਿਸੇ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਕੂਲਾਂ, ਹਸਪਤਾਲਾਂ, ਬਿਜਲੀ, ਕਾਰੋਬਾਰ, ਸਨਅਤਾਂ ਦੇ ਵਿਕਾਸ ਉਤੇ ਜ਼ਿਆਦਾ ਜ਼ੋਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸੰਕੇਤ ਦਿੱਤੇ ਕਿ 17 ਤੋਂ ਜ਼ਿਆਦਾ ਮੰਤਰੀ ਬਣਨਗੇ। ਲੋਕਾਂ ਨੇ ਜਿੰਨਾ ਵੱਡਾ ਬਹੁਮਤ ਦਿੱਤਾ, ਉਨੀਆਂ ਜ਼ਿਆਦਾ ਵੱਡੀਆਂ ਜ਼ਿੰਮੇਵਾਰੀਆਂ ਹਨ। ਗਾਰੰਟੀਆਂ ਤੋਂ ਵੱਧ ਕੰਮ ਕਰਨ ਦੀ ਚਾਰਾਜ਼ੋਈ ਕੀਤੀ ਜਾਵੇਗੀ। ਲੋਕ ਭਲਾਈ ਸਕੀਮਾਂ ਲਿਆਂਦੀਆਂ ਜਾਣਗੀਆਂ। ਇਹ ਵੀ ਪੜ੍ਹੋ : ਮਾੜੇ ਚੋਣ ਨਤੀਜਿਆਂ ਪਿੱਛੋਂ ਕਾਂਗਰਸ 'ਚ ਉਠਣ ਲੱਗੇ ਬਗ਼ਾਵਤੀ ਸੁਰ