ਲੋਕੀਂ ਬਿਨਾਂ ਕਿਸੇ ਲੋਭ ਲਾਲਚ ਤੇ ਨਿਰਪੱਖ ਢੰਗ ਨਾਲ ਵੱਧ ਤੋਂ ਵੱਧ ਵੋਟਿੰਗ ਕਰਨ :ਈਸ਼ਾ ਕਾਲੀਆ
ਐਸ.ਏ.ਐਸ ਨਗਰ: ਪੰਜਾਬ 'ਚ ਚੋਣ ਪ੍ਰਚਾਰ ਬੀਤੇ ਦਿਨ 18 ਫਰਵਰੀ ਸ਼ਾਮ ਨੂੰ ਖ਼ਤਮ ਹੋ ਗਿਆ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਸ਼ਾਮ 6 ਵਜੇ ਚੋਣ ਪ੍ਰਚਾਰ ਸਮਾਪਤ ਹੋਣ ਮਗਰੋਂ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਵੱਲੋਂ ਵਿਧਾਨ ਸਭਾ ਹਲਕਾ ਐਸਏਐਸ ਨਗਰ ਦੇ ਵੱਖ ਵੱਖ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਜਾ ਕੇ ਸਥਿਤੀ ਦਾ ਮੁਆਇਨਾ ਕੀਤਾ ਗਿਆl ਇਸ ਮੌਕੇ ਉਨ੍ਹਾਂ ਨਾਲ ਐੱਸ ਐੱਸ ਪੀ ਹਰਜੀਤ ਸਿੰਘ ਸਮੇਤ ਜ਼ਿਲ੍ਹੇ ਦੀ ਪੁਲੀਸ ਫੋਰਸ ਅਤੇ ਸੀ ਏ ਪੀ ਐਫ ਦੀਆਂ ਪੈਰਾ ਮਿਲਟਰੀ ਟੁਕੜੀਆਂ ਸਨ l ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦੇ ਹੋਏ ਈਸ਼ਾ ਕਾਲੀਆ ਨੇ ਦੱਸਿਆ ਕਿ ਸ਼ਾਮ 6 ਵਜੇ ਹਰ ਤਰ੍ਹਾਂ ਦਾ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ l ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਪੁਲਿਸ ਫੋਰਸ ਅਤੇ ਸੀ ਈ ਪੀ ਐੱਫ ਦੀਆਂ ਟੁਕੜੀਆਂ ਸਮੇਤ ਕੱਢੇ ਗਏ ਇਸ ਵਿਸ਼ੇਸ਼ ਫਲੈਗ ਮਾਰਚ ਦਾ ਮੰਤਵ ਲੋਕਾਂ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਇੰਤਜ਼ਾਮ ਪ੍ਰਤੀ ਭਰੋਸਾ ਪੈਦਾ ਕਰਨਾ ਸੀ ਅਤੇ ਇਸ ਦੇ ਨਾਲ ਹੀ ਲੋਕਾਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਆ ਰਹੀ ਔਕੜ ਬਾਰੇ ਵੀ ਜਾਨਣਾ ਸੀ l ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਪਿੰਡ ਜਗਤਪੁਰਾ ਦੇ ਵੱਖ ਵੱਖ ਖੇਤਰਾਂ ਤੋਂ ਹੁੰਦਾ ਇਹ ਫਲੈਗ ਮਾਰਚ ਮੋਹਾਲੀ ਦੇ ਫੇਸ 11, 10, 9, 3ਬੀ ਟੂ ਰਾਹੀਂ ਹੁੰਦਾ ਹੋਇਆ ਬਲੌਂਗੀ ਵਿੱਚ ਜਾ ਕੇ ਖਤਮ ਹੋਇਆ l ਇਹ ਵੀ ਪੜ੍ਹੋ:ਕਾਂਗਰਸ ਹਾਈਕਮਾਂਡ ਨੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਦਿਖਾਇਆ ਬਾਹਰ ਦਾ ਰਸਤਾ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਫ਼ਲੈਗ ਮਾਰਚ ਦਾ ਮੁੱਖ ਮੰਤਵ ਆਮ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਹ ਬਿਨਾਂ ਕਿਸੇ ਡਰ-ਭੈਅ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਅਤੇ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ-ਬਰ-ਤਿਆਰ ਹੈ। ਇਸ ਫਲੈਗ ਮਾਰਚ ਦੌਰਾਨ ਉਨ੍ਹਾਂ ਸਥਾਨਕ ਵਾਸੀਆ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਉਹ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਗੜਬੜੀ ਦੀ ਸੂਚਨਾ ਦੇਣ ਲਈ ਲੋਕ 1950 ਟੋਲ ਫ੍ਰੀ ਨੰਬਰ ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਸੀ ਵਿਜ਼ਲ ਐਪ ਰਾਹੀਂ ਵੀ ਸ਼ਿਕਾਇਤ ਦਿੱਤੀ ਜਾ ਸਕਦੀ ਹੈ। -PTC News