ਪਟਿਆਲਾ ਹਿੰਸਾ: ਪ੍ਰਸ਼ਾਸਨ ਦੇ ਭਰੋਸੇ ਮਗਰੋਂ ਹਿੰਦੂ ਸੰਗਠਨਾਂ ਨੇ ਦੋ ਦਿਨ ਲਈ ਧਰਨਾ ਕੀਤਾ ਮੁਲਤਵੀ
ਪਟਿਆਲਾ: ਪਟਿਆਲਾ 'ਚ ਹਿੰਸਕ ਘਟਨਾ ਤੋਂ ਬਾਅਦ ਸ਼ਹਿਰ 'ਚ ਤਣਾਅ ਬਣਿਆ ਹੋਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਟਿਆਲਾ 'ਚ 9:30 ਤੋਂ ਸ਼ਾਮ 6 ਵਜੇ ਤੱਕ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਇਹ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਨੂੰ ਹਟਾਏ ਜਾਣ ਤੋਂ ਬਾਅਦ ਸੀਨੀਅਰ ਐਸਪੀ ਅਤੇ ਸਿਟੀ ਐਸਪੀ ਨੂੰ ਵੀ ਹਟਾ ਦਿੱਤਾ ਗਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ, ਇਸ ਦੇ ਨਾਲ ਹੀ ਦੀਪਕ ਪਾਰਿਕ ਨੂੰ ਪਟਿਆਲਾ ਦਾ ਸੀਨੀਅਰ ਐਸਪੀ ਨਿਯੁਕਤ ਕੀਤਾ ਗਿਆ ਹੈ ਜਦਕਿ ਵਜ਼ੀਰ ਸਿੰਘ ਨੂੰ ਪਟਿਆਲਾ ਦਾ ਨਵਾਂ ਐਸਪੀ ਨਿਯੁਕਤ ਕੀਤਾ ਗਿਆ ਹੈ। ਫਿਲਹਾਲ ਸ਼ਹਿਰ 'ਚ ਵੱਡੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ ਅਤੇ ਪੁਲਸ ਫਲੈਗ ਮਾਰਚ ਕਰ ਰਹੀ ਹੈ। ਹਿੰਦੂ ਜਥੇਬੰਦੀਆਂ ਨੇ ਅੱਜ ਇਸ ਘਟਨਾ ਨੂੰ ਲੈ ਕੇ ਪਟਿਆਲਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਿੰਦੂ ਸੰਗਠਨਾਂ ਦੀ ਤਰਫੋਂ ਹੁਣ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਘਟਨਾ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ ਪਰ ਇਸ ਤੋਂ ਬਾਅਦ ਹਿੰਦੂ ਸੰਗਠਨਾਂ ਨੂੰ ਪ੍ਰਸ਼ਾਸਨ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਮਿਲਿਆ, ਜਿਸ ਤੋਂ ਬਾਅਦ ਸੰਗਠਨ ਨੇ ਅਗਲੇ 48 ਘੰਟਿਆਂ ਲਈ ਧਰਨਾ ਖਤਮ ਕਰ ਦਿੱਤਾ ਹੈ। ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪਟਿਆਲਾ ਦੇ ਆਈਜੀ ਅਤੇ ਐਸਐਸਪੀ ਦਾ ਕੀਤਾ ਤਬਾਦਲਾ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਸੰਚਾਲਕ ਅਤੇ ਹਿੰਦੂ ਤਖ਼ਤ ਦੇ ਧਾਰਮਿਕ ਪੁਜਾਰੀ ਪੰਚਾਨੰਦ ਗਿਰੀ ਮਹਾਰਾਜ ਅਨੁਸਾਰ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਹਿੰਦੂ ਜਥੇਬੰਦੀਆਂ ਨੇ ਪਟਿਆਲਾ ਬੰਦ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਹੁਣ ਰੋਸ ਮਾਰਚ ਵੀ ਨਹੀਂ ਕੱਢਿਆ ਜਾਵੇਗਾ। ਪੁਲਸ ਪ੍ਰਸ਼ਾਸਨ ਨੇ 2 ਦਿਨ ਦਾ ਸਮਾਂ ਮੰਗਿਆ ਹੈ ਅਤੇ ਵਾਅਦਾ ਕੀਤਾ ਹੈ ਕਿ ਮੰਦਰ 'ਤੇ ਹਮਲਾ ਕਰਨ ਵਾਲੇ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਪੰਚਾਨੰਦ ਗਿਰੀ ਮਹਾਰਾਜ ਨੇ ਦੱਸਿਆ ਕਿ ਐਸਪੀ ਨਾਨਕ ਸਿੰਘ ਨੇ ਵੀ ਮੰਦਰ ਨੂੰ ਬਚਾਉਣ ਲਈ ਖੂਬ ਫਾਇਰਿੰਗ ਕੀਤੀ ਅਤੇ ਮੌਕੇ 'ਤੇ ਸਥਿਤੀ ਨੂੰ ਸੰਭਾਲਿਆ। ਉਨ੍ਹਾਂ ਦਾ ਤਬਾਦਲਾ ਨਹੀਂ ਹੋਣਾ ਚਾਹੀਦਾ ਸੀ। ਪੰਚਾਨੰਦ ਗਿਰੀ ਨੇ ਕਿਹਾ ਕਿ ਜੇਕਰ ਭਵਿੱਖ 'ਚ ਖਾਲਿਸਤਾਨ ਸਮਰਥਕਾਂ ਨੇ ਦੁਬਾਰਾ ਮੰਦਰ 'ਤੇ ਹਮਲਾ ਕੀਤਾ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ 'ਚ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਗਲੇ ਦੋ ਦਿਨਾਂ ਵਿੱਚ ਪੁਲੀਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਵੀ ਸੜਕਾਂ ’ਤੇ ਉਤਰਨਗੇ। -PTC News