ਧਰਮਿੰਦਰ ਸਿੰਘ ਭਿੰਦਾ ਦੇ ਕਤਲ ਦੇ ਮਾਮਲੇ 'ਚ ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, 7 ਕੀਤੇ ਕਾਬੂ
ਪਟਿਆਲਾ: ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਗੇਟ ਦੇ ਬਾਹਰ 5 ਅਪ੍ਰੈਲ ਦੀ ਰਾਤ ਨੂੰ ਹੋਏ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਦੇ ਮਾਮਲੇ ਵਿਚ ਪਟਿਆਲਾ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਦੌਣ ਕਲਾਂ ਦੇ ਧਰਮਿੰਦਰ ਭਿੰਦਾ ਦੇ ਕਤਲ ਕੇਸ ਦੇ ਨਾਲ ਸਬੰਧਤ ਚਾਰ ਦੋਸ਼ੀ ਅਤੇ ਤਿੰਨ ਪਨਾਹ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਧਰਮਿੰਦਰ ਭਿੰਦਾ ਦੇ ਕਤਲ ਕੇਸ ਦੇ ਮੁੱਖ ਦੋਸ਼ੀ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆਂ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਪਟਿਆਲਾ ਦੇ ਐੱਸਐੱਸਪੀ ਡਾ ਨਾਨਕ ਸਿੰਘ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ ਕਿ ਜਿਹੜੇ ਚਾਰ ਦੋਸ਼ੀ ਮੁੱਖ ਦੋਸ਼ੀਆਂ ਦੇ ਨਾਲ ਉਸ ਵੇਲੇ ਮੌਜੂਦ ਸਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਿੰਨ ਹੋਰ ਦੋਸ਼ੀ ਜਿਨ੍ਹਾਂ ਨੇ ਇਨ੍ਹਾਂ ਨੂੰ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਜੁਰਮ ਕਰਕੇ ਆਏ ਹਨ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਡਾ. ਨਾਨਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਪਾਸੋਂ ਅਸਲਾ ਵੀ ਬਰਾਮਦ ਕੀਤਾ ਗਿਆ। ਇਹ ਵੀ ਪੜ੍ਹੋ: Petrol Prices: ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਕੀ ਕਿੰਨਾ ਮਹਿੰਗਾ ਹੋਇਆ ਪੈਟਰੋਲ ਗੌਰਤਲਬ ਹੈ ਕਿ ਲੰਘੀ 5 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਹਮਣੇ ਹੋਏ ਕਬੱਡੀ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਭਿੰਦਾ ਦੇ ਕਤਲ ਵਿੱਚ ਪੁਲਿਸ ਨੇ ਅੱਜ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿਚੋਂ ਚਾਰ ਉਸ ਦਿਨ ਵਾਰਦਾਤ ਵਿੱਚ ਸ਼ਾਮਲ ਸਨ ਅਤੇ ਤਿੰਨ ਪਨਾਹ ਦੇਣ ਵਾਲੇ ਸ਼ਾਮਲ ਹਨ। ਪਰ ਇੱਥੇ ਅਹਿਮ ਸਵਾਲ ਇਹ ਹੈ ਕਿ ਅਜੇ ਤੱਕ ਮੁੱਖ ਚਾਰੇ ਦੋਸ਼ੀ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਸ ਨੂੰ ਲੈ ਕੇ ਐੱਸਐੱਸਪੀ ਡਾ ਨਾਨਕ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਚਾਰਾਂ ਨੂੰ ਵੀ ਤੁਰੰਤ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਹੜੇ ਵਿਅਕਤੀਆਂ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਨਵਦੀਪ ਸ਼ਰਮਾ ਉਰਫ ਨਵੀ ਪੁੱਤਰ ਹਰਦੀਪ ਸ਼ਰਮਾ ਵਾਸੀ ਪਿੰਡ ਬਠੋਈ ਖੁਰਦ ਵਰਿੰਦਰ ਸਿੰਘ ਬਾਵਾ ਵਾਸੀ ਪਿੰਡ ਬਠੋਈ ਖੁਰਦ ਪ੍ਰਿਤਪਾਲ ਸਿੰਘ ਉਰਫ ਪ੍ਰੀਤ ਮੀਰਪੁਰੀਆ ਵਾਸੀ ਵਾਰਡ ਨੰਬਰ 7 ਸਨੌਰ ਬਹਾਦਰ ਸਿੰਘ ਉਰਫ ਲਵਦੀਪ ਸਿੰਘ ਉਰਫ਼ ਲੱਖੀ ਵਾਸੀ ਪਿੰਡ ਘਰਾਚੋ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ। ਜਿਹੜੇ 3 ਪਨਾਹ ਦੇਣ ਵਾਲੇ ਹਨ ਉਨ੍ਹਾਂ ਵਿਚ ਤਰਸੇਮ ਲਾਲ ਉਰਫ ਸੋਨੀ ਵਾਸੀ ਪਿੰਡ ਸਨੇਟਾ ਜ਼ਿਲ੍ਹਾ ਮੁਹਾਲੀ ਸਤਵਿੰਦਰ ਸਿੰਘ ਉਰਫ ਬੌਬੀ ਵਾਸੀ ਬੰਦਾ ਸਿੰਘ ਬਹਾਦਰ ਕਲੋਨੀ ਬਨੂੜ ਅਤੇ ਗੁਰਲਾਲ ਸਿੰਘ ਉਰਫ ਲਾਡੀ ਵਾਸੀ ਹਰਗੋਬਿੰਦ ਕਾਲੋਨੀ ਬਹਾਦਰਗਡ਼੍ਹਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਜਿਹੜੇ ਮੁੱਖ ਦੋਸ਼ੀ ਹਨ ਜਿਨ੍ਹਾਂ ਵਿਚ ਹਰਵੀਰ ਸਿੰਘ ਹਰਮਨ ਸਿੰਘ ਤਜਿੰਦਰ ਸਿੰਘ ਫੌਜੀ ਯੋਗੇਸ਼ਵਰ ਬੌਨੀ ਇਹ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਐੱਸਐੱਸਪੀ ਡਾ ਨਾਨਕ ਸਿੰਘ ਨੇ ਅੱਜ ਇਹ ਵੀ ਦਾਅਵਾ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਦੇ ਆਸ ਪਾਸ ਸਥਿਤ ਪੀਜੀ ਦੀ ਲਗਾਤਾਰ ਚੈਕਿੰਗ ਕੀਤੀ ਜਾਵੇਗੀ। (ਗਗਨ ਅਹੂਜਾ ਦੀ ਰਿਪੋਰਟ) -PTC News