ਪਟਿਆਲਾ ਦੇ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਅਤੇ ਡਿਪਟੀ ਸੁਪਰਡੈਂਟ ਦਾ ਕੀਤਾ ਤਬਾਦਲਾ, ਨਵੇਂ ਅਧਿਕਾਰੀ ਨਿਯੁਕਤ
ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਵਿੱਚ ਹੋਮਗਾਰਡ ਨਾਲ ਕੁੱਟਮਾਰ ਦੀ ਘਟਨਾ ਤੋਂ ਬਾਅਦ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਅਤੇ ਡਿਪਟੀ ਸੁਪਰਡੈਂਟ ਰਾਜਦੀਪ ਬਰਾੜ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਪਰੋਕਤ ਦੋਵੇਂ ਅਹੁਦਿਆਂ 'ਤੇ ਨਵੇਂ ਅਧਿਕਾਰੀਆਂ ਨੇ ਐਤਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ। ਮਨਜੀਤ ਸਿੰਘ ਟਿਵਾਣਾ ਨੂੰ ਜੇਲ੍ਹ ਸੁਪਰਡੈਂਟ ਅਤੇ ਗੁਰਚਰਨ ਸਿੰਘ ਧਾਲੀਵਾਲ ਨੂੰ ਡਿਪਟੀ ਸੁਪਰਡੈਂਟ ਨਿਯੁਕਤ ਕੀਤਾ ਗਿਆ ਹੈ। ਮਨਜੀਤ ਸਿੰਘ ਟਿਵਾਣਾ ਨੂੰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਭਾਗ ਵਿੱਚ ਸਾਲ 1997 ਵਿੱਚ ਭਰਤੀ ਹੋਏ ਮਨਜੀਤ ਸਿੰਘ ਟਿਵਾਣਾ ਨੂੰ ਸਭ ਤੋਂ ਪਹਿਲਾਂ ਸੰਗਰੂਰ ਵਿੱਚ ਤਾਇਨਾਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਨਾਭਾ, ਹੁਸ਼ਿਆਰਪੁਰ, ਨਾਭਾ, ਸੰਗਰੂਰ, ਬਠਿੰਡਾ ਅਤੇ ਹੋਰ ਜ਼ਿਲ੍ਹਿਆਂ ਦੀਆਂ ਤਿੰਨੋਂ ਜੇਲ੍ਹਾਂ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਦੇ ਨਾਲ ਹੀ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਜ਼ਿਆਦਾਤਰ ਜੇਲ੍ਹਾਂ ਤੋਂ ਇਲਾਵਾ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਵੀ ਡਿਊਟੀ ਨਿਭਾਈ ਹੈ। ਤੁਹਾਨੂੰ ਦੱਸ ਦੇਈਏ ਕਿ ਜੇਲ੍ਹ ਵਿੱਚ ਸ਼ਨਿੱਚਰਵਾਰ 11 ਵਜੇ ਇਕ ਹੋਮਗਾਰਡ ਨੂੰ ਕੁੱਟਮਾਰ ਦੀ ਘਟਨਾ ਸਾਹਮਣੇ ਆਈ । ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਹੋਮਗਾਰਡ ਨੇ ਜੇਲ੍ਹ ਸੁਪਰਡੈਂਟ ਉੱਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਹਨ। ਹਸਪਤਾਲ 'ਚ ਦਾਖ਼ਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜੇਲ੍ਹ ਵਿਚ ਗਸ਼ਤ ਕਰ ਰਿਹਾ ਸੀ ਤਾਂ ਉਸ ਨੂੰ ਚੱਕਰ ਆਉਣ ਲੱਗ ਪਏ ਜਿਸ ਕਾਰਨ ਉਹ ਆਪਣੇ ਬੂਟ ਉਤਾਰ ਕੇ ਬੈਠ ਗਿਆ ਤਾ ਇਸ ਦੌਰਾਨ ਪੁੱਜੇ ਜੇਲ੍ਹ ਸੁਪਰਡੈਂਟ ਨੇ ਬਿਨ੍ਹਾਂ ਕੋਈ ਗੱਲਬਾਤ ਕੀਤੇ ਉਸ ਦੀ ਕੁੱਟਮਾਰ ਕੀਤੀ ਹੈ।ਪੁਲਿਸ ਸੁਪਰਡੈਂਟ ਸੁੱਚਾ ਸਿੰਘ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਪੜ੍ਹੋ:ਹਿਮਾਚਲ ਪ੍ਰਦੇਸ਼ ’ਚ ਖਾਲਿਸਤਾਨੀ ਝੰਡੇ ਲੱਗਣ ਤੋਂ ਬਾਅਦ ਸਰਹੱਦਾਂ ਸੀਲ, ਹੋਟਲਾਂ ਸਮੇਤ ਕਈ ਥਾਵਾਂ 'ਤੇ ਸਖ਼ਤ ਨਿਗਰਾਨੀ -PTC News