Bengal Train Accident: ਰਾਤ ਭਰ ਚੱਲਿਆ ਬਚਾਅ ਕਾਰਜ, ਹੁਣ ਤੱਕ 9 ਲੋਕਾਂ ਦੀ ਹੋਈ ਮੌਤ
Bikaner-Guwahati Train Accident: ਪੱਛਮੀ ਬੰਗਾਲ ਦੇ ਡੋਮੋਹਾਨੀ 'ਚ ਪਟਨਾ-ਗੁਹਾਟੀ ਜਾ ਰਹੀ ਬੀਕਾਨੇਰ ਐਕਸਪ੍ਰੈੱਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ। ਮੁੱਢਲੀ ਜਾਣਕਾਰੀ ਅਨੁਸਾਰ ਰੇਲਗੱਡੀ ਦੇ 12 ਡੱਬੇ ਪਟੜੀ ਤੋਂ ਉਤਰ ਗਏ ਅਤੇ ਪਟੜੀ ਦੇ ਨੇੜੇ ਪਲਟ ਗਏ। ਇਸ ਘਟਨਾ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਇਸ ਹਾਦਸੇ 'ਚ 45 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉੱਥੇ ਹੀ 2 ਡੱਬੇ ਅਜਿਹੇ ਸਨ ਜਿਸ 'ਚ ਯਾਤਰੀ ਫਸੇ ਹੋਏ ਸਨ। ਰੇਲਵੇ ਅਧਿਕਾਰੀਆਂ ਅਨੁਸਾਰ 6 ਡੱਬੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋਏ ਹਨ। ਇੱਕ ਯਾਤਰੀ ਨੇ ਦੱਸਿਆ ਕਿ ਉਹਨਾਂ ਨੂੰ ਅਚਾਨਕ ਝਟਕਾ ਲੱਗਿਆ ਤੇ ਸੀਟ 'ਤੇ ਰੱਖਿਆ ਸਾਮਾਨ ਇੱਧਰ-ਉਧਰ ਡਿੱਗ ਗਿਆ। ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਇੱਕ ਡੱਬਾ ਦੂਜੇ 'ਤੇ ਚੜ੍ਹ ਗਿਆ ਜਦਕਿ ਕੁਝ ਡੱਬੇ ਢਲਾਣ ਤੋਂ ਉਤਰ ਕੇ ਪਲਟ ਗਏ। ਦੁਰਘਟਨਾ ਦੌਰਾਨ ਕੁਝ ਡੱਬੇ ਵੱਖ ਹੋ ਗਏ ਜਦਕਿ ਕੁਝ ਦੇ ਪਹੀਏ ਪਟਰੀ ਤੋਂ ਉੱਤਰ ਗਏ। ਭਾਰਤੀ ਰੇਲਵੇ ਨੇ ਹਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ, ਗੰਭੀਰ ਰੂਪ 'ਚ ਜ਼ਖਮੀਆਂ ਲਈ 1 ਲੱਖ ਰੁਪਏ ਤੇ ਮਾਮੂਲੀ ਜ਼ਖਮੀਆਂ ਲਈ 25 ਹਜ਼ਾਰ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਜਲਪਾਈਗੁੜੀ 'ਚ ਜ਼ਿੰਦਗੀ ਦੀ ਜੰਗ ਲੜ ਰਹੇ ਲੋਕਾਂ ਨੂੰ ਬਚਾਉਣ ਲਈ ਰਾਤ ਭਰ ਰੈਸਕਿਊ ਆਪਰੇਸ਼ਨ ਚਲਦਾ ਰਿਹਾ। ਇਸ ਕੰਮ 'ਚ ਐਨਡੀਆਰਐਫ ਦੇ ਨਾਲ-ਨਾਲ ਬੀਐਸਐਫ ਨੂੰ ਵੀ ਤੈਨਾਤ ਕੀਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੰਗਤ ਰਾਏ ਨੇ ਹਾਦਸੇ 'ਤੇ ਸਵਾਲ ਚੁੱਕਦਿਆਂ ਸ਼ੱਕ ਜਤਾਇਆ ਕਿ ਟ੍ਰੈਕ 'ਚ ਦਰਾਰ ਆ ਗਈ ਸੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਰੇਲ ਮੰਤਰੀ ਘਟਨਾ 'ਤੇ ਸਪੱਸ਼ਟ ਬਿਆਨ ਦੇਵੇ। -PTC News