ਭੁੱਚੋ ਮੰਡੀ ਸਟੇਸ਼ਨ 'ਤੇ ਫਿਰ ਤੋਂ ਰੁਕਣੀਆਂ ਸ਼ੁਰੂ ਹੋਣ ਮੁਸਾਫਰ ਰੇਲ ਗੱਡੀਆਂ : ਹਰਸਿਮਰਤ ਕੌਰ ਬਾਦਲ
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੁੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਭੁੱਚੋ ਮੰਡੀ ਵਿਚ ਮੁਸਾਫਰ ਰੇਲ ਗੱਡੀਆਂ ਦਾ ਮੁੜ ਰੁਕਣਾ ਯਕੀਨੀ ਬਣਾਇਆ ਜਾਵੇ। ਰੇਲ ਮੰਤਰੀ ਨੁੰ ਲਿਖੇ ਇਕ ਪੱਤਰ ਵਿਚ ਬਾਦਲ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਤਕਰੀਬਨ ਸਾਰੀਆਂ ਹੀ ਪ੍ਰਮੁੱਖ ਰੇਲ ਗੱਡੀਆਂ ਖਾਸ ਤੌਰ 'ਤੇ ਮੁਸਾਫਰ ਰੇਲ ਗੱਡੀ ਨੰਬਰ 14507-8, 14525-26 ਅਤੇ 14735 ਰੇਲ ਗੱਡੀਆਂ ਭੁੱਚੋ ਮੰਡੀ ਰੇਲਵੇ ਸਟੇਸ਼ਨ 'ਤੇ ਰੁਕਦੀਆਂ ਸਨ। ਕੋਰੋਨਾ ਮਹਾਮਾਰੀ ਦੀ ਆਮਦ ਮਗਰੋਂ ਇਹਨਾਂ ਦਾ ਇਥੇ ਰੁਕਣਾ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਭੁੱਚੋ ਮੰਡੀ ਤੋਂ ਰੇਲ ਗੱਡੀਆਂ ਵਿਚ ਚੜ੍ਹਨ ਵਾਲੀਆਂ ਸਵਾਰੀਆਂ ਵਿਚੋਂ ਬਹੁਤੇ ਰੋਜ਼ਾਨਾ ਸਫਰ ਕਰਨ ਵਾਲੇ ਮੁਸਾਫਰ ਹਨ। ਇਸ ਕਾਰਨ ਇਹਨਾਂ ਨੁੰ ਰੇਲ ਗੱਡੀ ਫੜਨ ਲਈ ਵੱਖੋ ਵੱਖ ਸਟੇਸ਼ਨਾਂ 'ਤੇ ਜਾਣਾ ਪੈਂਦਾ ਹੈ। ਉਹਨਾਂ ਨੇ ਆਪਣੇ ਪੱਤਰ ਰਾਹੀਂ ਰੇਲ ਮੰਤਰੀ ਨੁੰ ਬੇਨਤੀ ਕੀਤੀ ਹੈ ਕਿ ਉਹ ਲੋਕਾਂ ਦੀ ਇਸ ਮੁਸ਼ਕਿਲ ਨੂੰ ਸਮਝ ਕੇ ਰੇਲ ਗੱਡੀਆਂ ਦਾ ਮੁੜ ਭੁੱਚੋ ਮੰਡੀ 'ਤੇ ਰੁਕਣਾ ਯਕੀਨੀ ਬਣਾਉਣ ਲਈ ਛੇਤੀ ਹੀ ਲੋੜੀਂਦੇ ਹੁਕਮ ਜਾਰੀ ਕਰਨ ਕਰਨ। ਇਹ ਵੀ ਪੜ੍ਹੋ:ਇਨਸਾਫ਼ ਲਈ ਮਾਰਚ, ਸਬੂਤ ਜਨਤਾ ਦੀ ਕਚਹਿਰੀ ਵਿੱਚ, ਝੂਠੀ FIR ਰੱਦ ਕਰੋ -PTC News