ਵੜਿੰਗ ਖਿਲਾਫ਼ ਬਿਆਨਬਾਜ਼ੀ ਕਰਨ 'ਤੇ ਪਾਰਟੀ ਨੇ ਸੁਰਜੀਤ ਧੀਮਾਨ ਨੂੰ ਦਿਖਾਇਆ ਬਾਹਰ ਦਾ ਰਸਤਾ
ਲੁਧਿਆਣਾ: ਪੰਜਾਬ ਕਾਂਗਰਸ ਵਿੱਚ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਹੈ। ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ ਪਰ ਹਾਈਕਮਾਂਡ ਦਾ ਇਹ ਫੈਸਲਾ ਸਿੱਧੂ ਦੇ ਸਮਰਥਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਇਸ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ ਅਮਰਗੜ੍ਹ ਤੋਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੁਰਜੀਤ ਸਿੰਘ ਧੀਮਾਨ ਵਲੋਂ ਨਵ-ਨਿਯੁਕਤ ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਨਿਯੁਕਤੀ 'ਤੇ ਇਤਰਾਜ਼ ਪ੍ਰਗਟ ਕਰਦਿਆਂ ਬਿਆਨਬਾਜ਼ੀ ਕੀਤੀ ਗਈ ਸੀ। ਦੱਸਣਯੋਗ ਹੈ ਕਿ ਸੁਰਜੀਤ ਸਿੰਘ ਧੀਮਾਨ ਨੇ 2017 'ਚ ਅਮਰਗੜ੍ਹ ਤੋਂ ਚੋਣ ਜਿੱਤੀ ਜੋ ਕਿ ਕੈਪਟਨ ਦੇ ਖਿਲਾਫ ਅਤੇ ਸਿੱਧੂ ਦੇ ਹੱਕ 'ਚ ਸੀ। ਇਹ ਵੀ ਪੜ੍ਹੋ: ਆਮਦਨ ਦੀ ਘਾਟ ਕਾਰਨ ਰੇਲਵੇ ਦੀ ਪੰਜਾਬ 'ਚ ਵੱਡੀ ਕਾਰਵਾਈ, 11 ਰੇਲਵੇ ਸਟੇਸ਼ਨ ਕੀਤੇ ਬੰਦ ਪੰਜਾਬ ਕਾਂਗਰਸ ਵਿੱਚ ਨਵੇਂ ਪ੍ਰਧਾਨ ਰਾਜਾ ਵੜਿੰਗ ਦੀ ਨਿਯੁਕਤੀ ਤੋਂ ਬਾਅਦ ਸੁਰਜੀਤ ਧੀਮਾਨ ਨੇ ਇਸਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਮੌਕਾਪ੍ਰਸਤ ਅਤੇ ਭ੍ਰਿਸ਼ਟ ਕਿਹਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਉਹੀ ਵਿਅਕਤੀ ਸੀ, ਜਿਸ ਦਾ ਨਾਂ ਨਸ਼ਿਆਂ ਦੇ ਕੇਸਾਂ ਅਤੇ ਪੈਸੇ ਦੇ ਲੈਣ-ਦੇਣ ਵਿੱਚ ਸ਼ਾਮਲ ਹੋਣ ਕਾਰਨ ਬਾਦਲ ਪਰਿਵਾਰ ਦੇ ਸਾਹਮਣੇ ਆਇਆ ਸੀ। ਇਸ ਸਮੇਂ ਪੰਜਾਬ ਵਿੱਚ ਕਾਂਗਰਸ ਨੂੰ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਵਰਗੇ ਵਿਅਕਤੀ ਦੀ ਲੋੜ ਸੀ, ਜਿਸ ਨੇ ਨਿਰਸਵਾਰਥ ਸੇਵਾ ਕੀਤੀ ਹੋਵੇ। ਰਾਜਾ ਵੜਿੰਗ ਨੂੰ ਪੰਜਾਬ ਦਾ ਮੁਖੀ ਬਣਾਉਣ ਨਾਲੋਂ ਬੇਹਤਰ ਸੀ ਕਿ ਇੱਕ ਬੇਢੰਗੇ ਨੂੰ ਮੁਖੀ ਨਿਯੁਕਤ ਕੀਤਾ ਜਾਂਦਾ। ਦੱਸ ਦਈਏ ਕਿ ਬੀਤੇ ਦਿਨ ਹੀ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਧੀਮਾਨ ਨੇ ਇੱਕ ਨਿੱਜੀ ਚੈਨਲ ਨਾਲ ਫੋਨ 'ਤੇ ਗੱਲਬਾਤ ਦੌਰਾਨ ਪ੍ਰਧਾਨਗੀ 'ਤੇ ਸਵਾਲ ਚੁੱਕੇ ਸਨ। -PTC News