ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਿਆ ਪੱਤਰ, ਸੈਸ਼ਨ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਚੁੱਕੇ ਸਵਾਲ
ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੇ 5ਵੇਂ ਦਿਨ ਦੀ ਕਾਰਵਾਈ ਦੌਰਾਨ ਕਈ ਮੁੱਦਿਆ ਨੂੰ ਲੈ ਕੇ ਵਿਧਾਨ ਸਭਾ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ। ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਚਲਾਈਆਂ ਸਰਕਾਰੀਆਂ ਬੱਸਾਂ ਦੇ ਮੁੱਦੇ ਨੂੰ ਵਿਰੋਧੀਆਂ ਵੱਲੋਂ ਚੁੱਕਿਆ ਗਿਆ। ਇਸ ਦੌਰਾਨ ਹੋਰ ਕਈ ਅਹਿਮ ਮੁੱਦਿਆ ਉੱਤੇ ਚਰਚਾਵਾਂ ਹੋਈਆ ਪਰ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖ ਕੇ ਸੈਸ਼ਨ ਦੇ ਲਈਵ ਪ੍ਰਸਾਰਨ ਦੌਰਾਨ ਕਈ ਖਾਮੀਆ ਨੂੰ ਸਪੀਕਰ ਦੇ ਧਿਆਨ ਵਿੱਚ ਲਿਆਦਾ ਹੈ। ਵਿਰੋਧ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਵਿੱਚ ਕਈ ਇਤਰਾਜ ਕੀਤੇ ਹਨ ਉਹ ਹੇਠ ਲਿਖੇ ਹਨ- ਮੈਂ ਤੁਹਾਡੇ ਧਿਆਨ ਵਿੱਚ ਮੌਜੂਦਾ ਵਿਧਾਨ ਸਭਾ ਸੈਸ਼ਨ ਦੇ ਲਾਈਵ ਪ੍ਰਸਾਰਣ ਦੌਰਾਨ ਹੋਈਆਂ ਕੁਝ ਗੜਬੜੀਆਂ ਲਿਆਉਣਾ ਚਾਹੁੰਦਾ ਹਾਂ। ਮੇਰੇ ਧਿਆਨ ਵਿੱਚ ਆਇਆ ਹੈ ਕਿ ਜਦੋਂ ਵਿਰੋਧੀ ਧਿਰ ਦਾ ਵਿਧਾਇਕ ਬੋਲ ਰਿਹਾ ਹੁੰਦਾ ਹੈ, ਤਾਂ ਕੈਮਰਾ ਫੋਕਸ ਨਹੀਂ ਹੁੰਦਾ ਅਤੇ ਆਮ ਤੌਰ 'ਤੇ ਵਿਰੋਧੀ ਧਿਰ ਦੇ ਵਿਧਾਇਕ ਦੇ ਭਾਸ਼ਣ ਨੂੰ ਪੂਰਾ ਨਹੀਂ ਦਿਖਾਇਆ ਜਾਂਦਾ। ਇਸ ਵਿਗਾੜ ਕਾਰਨ ਆਮ ਲੋਕਾਂ ਲਈ ਇਹ ਸੁਣਨਾ ਔਖਾ ਹੋ ਜਾਂਦਾ ਹੈ ਕਿ ਵਿਰੋਧੀ ਧਿਰ ਦਾ ਵਿਧਾਇਕ ਵਿਧਾਨ ਸਭਾ ਵਿੱਚ ਕੀ ਬੋਲ ਰਿਹਾ ਹੈ। ਇਸ ਦੇ ਮੁਕਾਬਲੇ ਜਦੋਂ ਮਾਨਯੋਗ ਸਪੀਕਰ, ਮਾਣਯੋਗ ਮੁੱਖ ਮੰਤਰੀ, ਮੰਤਰੀ ਅਤੇ ਸਾਰੇ 'ਆਪ' ਵਿਧਾਇਕ ਬੋਲ ਰਹੇ ਹੁੰਦੇ ਹਨ, ਤਾਂ ਕੈਮਰਾ ਉਨ੍ਹਾਂ ਤੇ ਫੋਕਸ ਹੁੰਦਾ ਹੈ ਅਤੇ ਪੂਰੀ ਆਡੀਓ ਨੂੰ ਸੁਣਾਇਆ ਜਾਂਦਾ ਹੈ ਅਤੇ ਨਾਲ ਹੀ 'ਆਪ' ਦੇ ਬੋਲਣ ਵਾਲੇ 'ਤੇ ਕੈਮਰਾ ਜ਼ੂਮ ਕਰ ਕੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕੌਣ ਬੋਲ ਰਿਹਾ ਹੈ। ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਸਦਨ ਵਿੱਚ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਇਸ ਤਰ੍ਹਾਂ ਦਾ ਅਨੁਚਿਤ ਅਤੇ ਅਤਿ ਗੈਰ-ਜਮਹੂਰੀ ਵਿਵਹਾਰ ਸ਼ੋਭਾ ਨਹੀਂ ਦਿੰਦਾ ਅਤੇ ਨਿੰਦਣਯੋਗ ਹੈ। ਮੈਂ ਵਿਧਾਨ ਸਭਾ ਦੀ ਕਾਰਵਾਈ ਦੇ ਪ੍ਰਸਾਰਣ ਦੀ ਲੋੜ ਦਾ ਸਮਰਥਨ ਕਰਦਾ ਹਾਂ, ਪਰ ਮੇਰਾ ਮੰਨਣਾ ਹੈ ਕਿ ਇਹ ਸਾਰੇ ਵਿਧਾਇਕਾਂ ਲਈ ਨਿਰਪੱਖ ਅਤੇ ਬਰਾਬਰ ਢੰਗ ਨਾਲ ਹੋਣੀ ਚਾਹੀਦੀ ਹੈ। ਅਸੀਂ ਸਾਰੇ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰ ਹਾਂ ਅਤੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਹਾਂ। ਬੜੀ ਹੁਸ਼ਿਆਰੀ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਪੂਰਾ ਭਾਸ਼ਣ 'ਆਪ' ਵਿਧਾਇਕਾਂ ਵਾਂਗ ਨਾ ਦਿਖਾਉਣ ਦੀ ਕੋਸ਼ਿਸ਼ ਕਰਕੇ ਵਿਰੋਧੀ ਧਿਰ ਦੇ ਵਿਧਾਇਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਲਾਈਵ ਪ੍ਰਸਾਰਣ ਦੇ ਇੰਚਾਰਜ ਅਫਸਰਾਂ ਨੂੰ ਨਿਰਦੇਸ਼ ਦਿਓ ਕਿ ਸਾਰੇ ਵਿਧਾਇਕਾਂ ਦੇ ਭਾਸ਼ਣ ਲਈ ਬਰਾਬਰ ਕਵਰੇਜ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਮੈਂ ਇਹ ਵੀ ਸਿਫ਼ਾਰਸ਼ ਕਰਦਾ ਹਾਂ ਕਿ ਸੰਸਦ ਟੀਵੀ ਵਾਂਗ ਜੋ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਕਵਰ ਕਰਦਾ ਹੈ, ਪੰਜਾਬ ਵਿਧਾਨ ਸਭਾ ਆਪਣਾ ਪ੍ਰਸਾਰਣ ਚੈਨਲ ਸ਼ੁਰੂ ਕਰੇ ਜਾਂ ਪ੍ਰਸਾਰਣ ਦੇ ਪ੍ਰਬੰਧਨ ਲਈ ਇੱਕ ਕਮੇਟੀ ਬਣਾਈ ਜਾਵੇ ਜਿਸ ਵਿੱਚ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਦੇ ਵਿਧਾਇਕ ਸ਼ਾਮਲ ਹੋਣ, ਤਾਂ ਕਿ ਸਦਨ ਦੀਆਂ ਬੈਠਕਾਂ ਦੌਰਾਨ ਸਾਰੇ ਐੱਮ ਐੱਲ ਏ ਸਾਹਿਬਾਨ ਦੀ ਕਵਰੇਜ ਬਿਨਾਂ ਕਿਸੇ ਪੱਖਪਾਤ ਤੋਂ ਯਕੀਨੀ ਬਣਾਈ ਜਾ ਸਕੇ । ਇਹ ਵੀ ਪੜ੍ਹੋ:ਸਰਕਾਰ ਦੀਆਂ ਮਾੜੀ ਨੀਤੀਆਂ ਕਾਰਨ ਲੱਗ ਸਕਦੀ ਸੂਬੇ ’ਚ ਆਰਥਿਕ ਐਮਰਜੈਂਸੀ : ਪ੍ਰੋ. ਚੰਦੂਮਾਜਰਾ -PTC News