ਪੀਏਯੂ ਵੱਲੋਂ ਸਿਖਲਾਈ ਕੈਂਪ
Panjab Agriculture University:
ਲੁਧਿਆਣਾ: ਪੀਏਯੂ ਦੇ ਗ੍ਰਹਿ ਵਿਗਿਆਨ ਕਾਲਜ ਦੇ ਵਿਗਿਆਨੀਆਂ ਵੱਲੋਂ ਪੀਏਯੂ ਕਿਸਾਨ ਕਲੱਬ ਦੇ ਕਿਸਾਨ ਬੀਬੀਆਂ ਲਈ ਸਿਖਲਾਈ ਕੈਂਪ ਵਿੱਚ ਸਨੈਕਸ ਅਤੇ ਘੱਟ ਲਾਗਤ ਵਾਲੀਆਂ ਕਲਾ ਕ੍ਰਿਤੀਆਂ ਬਾਰੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ । ਇਸ ਸਿਖਲਾਈ ਕੈਂਪ ਵਿੱਚ ਕੁੱਲ 50 ਕਿਸਾਨ ਬੀਬੀਆਂ ਨੇ ਭਾਗ ਲਿਆ । ਇਸ ਤੋਂ ਇਲਾਵਾ ਕਲੱਬ ਦੇ ਕਿਸਾਨ ਮੈਂਬਰਾਂ ਲਈ ਵੀ ਇੱਕ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ । ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਆਏ 350 ਕਿਸਾਨਾਂ ਨੇ ਭਾਗ ਲਿਆ ।
ਡਾ. ਡੀ ਐਸ ਭੱਟੀ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂ ਨੂੰ ਪੀਏਯੂ ਵੱਲੋਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਅਤੇ ਤਕਨਾਲੋਜੀਆਂ ਨੂੰ ਅਪਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਦੂਜੇ ਕਿਸਾਨਾਂ ਲਈ ਵੀ ਚਾਨਣ ਮੁਨਾਰਾ ਬਣਨ । ਉਹਨਾਂ ਨੇ ਇੱਕ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਗਰੇਵਾਲ ਵੱਲੋਂ ਲਿਖਤ ਕਿਤਾਬ 'ਜਿਸ ਕੇ ਸਿਰ ਉਪਰ ਤੂੰ ਸੁਆਮੀ' ਵੀ ਜਾਰੀ ਕੀਤੀ ।
ਇਸ ਤੋਂ ਪਹਿਲਾਂ ਡਾ. ਟੀ ਐਸ ਰਿਆੜ, ਕਲੱਬ ਦੇ ਸੰਚਾਲਕ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਵੱਧ ਮੁਨਾਫ਼ੇ ਲਈ ਸਹਿਕਾਰੀ ਖੇਤੀ ਨੂੰ ਅਪਨਾਉਣ ਲਈ ਪ੍ਰੇਰਿਆ । ਉਹਨਾਂ ਨੇ ਦੱਸਿਆ ਕਿ ਕਿਸਾਨਾਂ ਨਾਲ ਸਿਹਤ ਸੰਬੰਧੀ ਬਿਮਾਰੀਆਂ ਤੋਂ ਬਚਾਅ ਅਤੇ ਸੰਭਾਲ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ ਗਏ ।
ਡਾ. ਰੁਪਿੰਦਰ ਕੌਰ, ਕਿਸਾਨ ਬੀਬੀਆਂ ਦੇ ਗਰੁੱਪ ਸੰਚਾਲਕ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚਲ ਰਹੇ ਹਨ, ਜਿਸ ਦੌਰਾਨ ਕਿਸਾਨ ਸੁਆਦਲੇ ਤੇ ਪੌਸ਼ਟਿਕ ਭੋਜਨਾਂ ਅਤੇ ਘਰ-ਸ਼ਿੰਗਾਰ ਬਾਰੇ ਜਾਣਕਾਰੀ ਲੈਣਾ ਫਾਇਦੇਮੰਦ ਰਹੇਗਾ ।
ਡਾ. ਮਨਪ੍ਰੀਤ ਸਿੰਘ, ਫਾਰਮ ਮਸ਼ੀਨਰੀ ਮਾਹਿਰ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਂਦੀ ਮਸ਼ੀਨਰੀ ਬਾਰੇ ਜਾਣੂੰ ਕਰਵਾਇਆ ।
ਡਾ. ਕੁਲਵੀਰ ਸਿੰਘ, ਸਬਜ਼ੀ ਵਿਗਿਆਨ ਮਾਹਿਰ ਨੇ ਸਰਦੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਬਾਰੇ ਚਾਨਣਾ ਪਾਇਆ ਜਦੋਂ ਕਿ ਡਾ. ਸਰਵਨ ਕੁਮਾਰ, ਤੇਲ ਬੀਜ ਵਿਗਿਆਨੀ ਨੇ ਤੇਲਬੀਜ ਫ਼ਸਲਾਂ ਦੀ ਸਫ਼ਲ ਕਾਸ਼ਤ ਬਾਰੇ ਵਿਚਾਰ-ਵਟਾਂਦਰਾ ਕੀਤਾ ।
ਡਾ. ਸਰਬਜੀਤ ਸਿੰਘ, ਪੱਤਰਕਾਰੀ ਦੇ ਪ੍ਰੋਫੈਸਰ ਨੇ ਸਮਾਜਿਕ ਸਮੱਸਿਆਵਾਂ ਅਤੇ ਉਹਨਾਂ ਦੇ ਉਪਚਾਰ ਬਾਰੇ ਗੱਲਬਾਤ ਸਾਂਝੀ ਕੀਤੀ ।
—PTC News