ਪਾਕਿ ਦੀ ਨਾਪਾਕ ਹਰਕਤ, ਭਾਰਤ-ਪਾਕਿ ਸਰਹੱਦ 'ਤੇ ਫਿਰ ਡਰੋਨ ਦੀ ਹਲਚਲ
ਗੁਰਦਾਸਪੁਰ: ਭਾਰਤ-ਪਾਕਿਸਤਾਨ ਦੇ ਤਸਕਰ ਲਗਾਤਾਰ ਪੰਜਾਬ ਸਰਹੱਦ 'ਤੇ ਡਰੋਨਾਂ ਨਾਲ ਤਸਕਰੀ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ। ਬੀਐਸਐਫ ਦੀਆਂ ਕੋਸ਼ਿਸ਼ਾਂ ਤਸਕਰਾਂ ਦੇ ਮਨਸੂਬਿਆਂ ਨੂੰ ਲਗਾਤਾਰ ਨਾਕਾਮ ਕਰ ਰਹੀਆਂ ਹਨ। ਹੁਣ ਤੜਕੇ 5 ਵਜੇ ਦੇ ਕਰੀਬ ਬੀਐਸਐਫ ਦੀ ਰੋਜ਼ਾ ਪੋਸਟ ਬੀਓਪੀ 89 ਬਟਾਲੀਅਨ ਦੇ ਖੇਤਰ ਵਿੱਚ ਇੱਕ ਪਾਕਿਸਤਾਨੀ ਡਰੋਨ ਦੇਖਿਆ ਗਿਆ, ਜਿਸ 'ਤੇ ਡਿਊਟੀ 'ਤੇ ਤਾਇਨਾਤ ਕਾਂਸਟੇਬਲ ਯੋਗਿੰਦਰ ਨੇ 9 ਰਾਉਂਡ ਫਾਇਰ ਕੀਤੇ ਅਤੇ 2 ਰੌਸ਼ਨ ਬੰਬ ਸੁੱਟੇ, ਜਿਸ ਨਾਲ ਡਰੋਨ ਵਾਪਸ ਚੱਲਾ ਗਿਆ। ਇਸ ਤੋਂ ਬਾਅਦ ਬੀਐਸਐਫ ਜਵਾਨਾਂ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜੰਮੂ ਸੈਕਟਰ ਦੇ ਮੁਕਾਬਲੇ ਇਸ ਸਾਲ ਪਾਕਿਸਤਾਨ ਤੋਂ ਪੰਜਾਬ ਵਿੱਚ ਦੇਖੇ ਗਏ ਡਰੋਨਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ।ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਨੁਸਾਰ, ਇਸ ਸਾਲ ਜੁਲਾਈ ਤੱਕ ਸਰਹੱਦ ਦੇ ਦੂਜੇ ਪਾਸਿਓਂ 107 ਡਰੋਨ ਭਾਰਤੀ ਖੇਤਰ ਦੇ ਅੰਦਰ ਦੇਖੇ ਗਏ, ਜਦੋਂ ਕਿ ਪਿਛਲੇ ਸਾਲ ਪੂਰੇ ਸਾਲ ਵਿੱਚ 97 ਡਰੋਨ ਦੇਖੇ ਗਏ ਸਨ। ਬੀਐਸਐਫ ਨੇ 2021 ਵਿੱਚ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੇ ਨਾਲ ਸਰਹੱਦ ਪਾਰੋਂ ਆਉਂਦੇ 97 ਡਰੋਨ ਦੇਖੇ, ਜਿਨ੍ਹਾਂ ਵਿੱਚ ਪੰਜਾਬ ਵਿੱਚ 64, ਜੰਮੂ ਵਿੱਚ 31 ਅਤੇ ਜੰਮੂ ਵਿੱਚ ਕੰਟਰੋਲ ਰੇਖਾ (ਐਲਓਸੀ) ਤੋਂ ਦਾਖਲ ਹੋਏ ਦੋ ਸ਼ਾਮਲ ਸਨ। 2022 ਤੋਂ ਜੁਲਾਈ ਤੱਕ 107 ਡਰੋਨ ਆਈਬੀ ਦੇ ਨਾਲ ਦੇਖੇ ਗਏ, ਜਿਨ੍ਹਾਂ ਵਿੱਚ 14 ਜੰਮੂ ਅਤੇ 93 ਪੰਜਾਬ ਸੈਕਟਰ ਵਿੱਚ ਸ਼ਾਮਲ ਹਨ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਡਰੋਨਾਂ ਵਿੱਚੋਂ ਜ਼ਿਆਦਾਤਰ ਪਾਕਿਸਤਾਨ ਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ, ਵਿਸਫੋਟਕਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਹੈ ਕਿ ਸਰਹੱਦਾਂ 'ਤੇ ਐਂਟੀ-ਡਰੋਨ ਬੰਦੂਕਾਂ ਵਾਲੀਆਂ ਟੀਮਾਂ ਤਾਇਨਾਤ ਹਨ। ਗਸ਼ਤ ਕਰਨ ਵਾਲੀਆਂ ਪਾਰਟੀਆਂ ਕਿਸੇ ਵੀ ਸ਼ੱਕੀ ਹਵਾਈ ਗਤੀਵਿਧੀ 'ਤੇ ਨਜ਼ਰ ਰੱਖਦੀਆਂ ਹਨ ਅਤੇ ਅਕਸਰ ਉਹ ਇਨ੍ਹਾਂ ਡਰੋਨਾਂ ਤੋਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕਰਦੇ ਹਨ।ਦੱਸ ਦੇਈਏ ਕਿ ਇੰਨ੍ਹਾਂ ਡਰੋਨਾਂ ਦੁਆਰਾ ਹੀ ਪਾਕਿਸਤਾਨ ਵੱਲੋਂ ਨਸ਼ੀਨੇ ਪਦਾਰਥ ਅਤੇ ਹਥਿਆਰ ਵੀ ਭੇਜੇ ਜਾਂਦੇ ਹਨ। ਇਹ ਵੀ ਪੜ੍ਹੋ:NIA ਵੱਲੋਂ ਗੈਂਗਸਟਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ -PTC News