ਪਾਕਿਸਤਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਿਆ ਸਿੱਖ ਜੱਥਾ ਭਾਰਤ ਪਰਤਿਆ
ਅੰਮ੍ਰਿਤਸਰ : ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਿਆ ਜੱਥਾ ਅੱਜ ਭਾਰਤ ਪਰਤਿਆ। ਅਟਾਰੀ ਵਾਹਗਾ ਸਰਹੱਦ ਰਾਹੀਂ ਸਿੱਖ ਸ਼ਰਧਾਲੂਆਂ ਦੀ ਵਤਨ ਵਾਪਸੀ ਹੋਈ। ਸਿੱਖ ਸ਼ਰਧਾਲੂਆਂ ਦਾ ਜੱਥਾ ਇਨ੍ਹਾਂ 10 ਦਿਨਾਂ ਵਿੱਚ ਗੁਰਦੁਆਰਿਆਂ ਦੇ ਨਾਲ-ਨਾਲ ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਉਤੇ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਸ਼ਰਧਾਲੂਆਂ ਨੇ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਵੀ ਕੀਤੇ। ਸ਼ਰਧਾਲੂਆਂ ਨੇ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਰੋਡ਼ੀ ਸਾਹਿਬ ਅਤੇ ਡੇਰਾ ਸਾਹਿਬ ਲਾਹੌਰ ਸਮੇਤ ਅਨੇਕਾਂ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਕੀਤੇ। ਸਿੱਖ ਕੌਮ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ਉਤੇ ਸੰਗਤ ਨੇ ਅਤਿਅੰਤ ਖ਼ੁਸ਼ੀ ਦਾ ਇਜ਼ਹਾਰ ਕੀਤਾ। ਪਾਕਿਸਤਾਨ ਸਥਿਤ ਗੁਰਧਾਮਾਂ ਦੀ ਸਾਂਭ ਸੰਭਾਲ ਅਤੇ ਅਵਾਮ ਤੋਂ ਮਿਲੇ ਪਿਆਰ ਤੇ ਪ੍ਰਸੰਨਤਾ ਜ਼ਾਹਿਰ ਕੀਤੀ। ਪਾਕਿਸਤਾਨ ਤੋਂ ਪਰਤੇ ਜੱਥੇ ਨੇ ਸੁਚੱਜੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਰਧਾਲੂ ਕਾਫੀ ਖ਼ੁਸ਼ ਨਜ਼ਰ ਆ ਰਹੇ ਸਨ ਤੇ ਕੀਤੇ ਗਏ ਪ੍ਰਬੰਧਾਂ ਉਤੇ ਵੀ ਉਨ੍ਹਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ 21 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਦਫ਼ਤਰ ਤੋਂ ਜੱਥੇ ਨੂੰ ਅਟਾਰੀ ਸਰਹੱਦ ਲਈ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ ਸੀ। ਇਸ ਸਾਲ ਪਾਕਿਸਤਾਨ ਨੇ 266 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇ ਕੇ ਗੁਰੂ ਧਾਮਾਂ ਦੇ ਦਰਸ਼ਨਾਂ ਦੀ ਆਗਿਆ ਦਿੱਤੀ ਸੀ। SGPC ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਾਲ 277 ਸ਼ਰਧਾਲੂਆਂ ਦਾ ਵੀਜ਼ਾ ਪਾਕਿਸਤਾਨ ਐਂਬੰਸੀ ਦੇ ਕੋਲ ਭੇਜਿਆ ਗਿਆ ਸੀ ਪਰ ਇਨ੍ਹਾਂ ਵਿੱਚੋਂ 11 ਸ਼ਰਧਾਲੂਆਂ ਦਾ ਵੀਜ਼ਾ ਕਿਸੇ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 266 ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ ਸੀ। -PTC News ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਕਰੀਬੀ ਦਾ ਬੇਟਾ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ