ਚੀਨ ਤੇ ਯੂਰਪ ਦੇਸ਼ਾਂ 'ਚ ਕੋਵਿਡ-19 ਦਾ ਕਹਿਰ; ਕੇਂਦਰ ਨੇ ਸਾਰੇ ਸੂਬਿਆਂ ਨੂੰ ਦਿੱਤੀਆਂ ਹਦਾਇਤਾਂ
ਨਵੀਂ ਦਿੱਲੀ : ਬੇਸ਼ੱਕ ਭਾਰਤ ਵਿੱਚ ਇਸ ਸਮੇਂ ਕੋਵਿਡ-19 ਦੀ ਸਥਿਤੀ ਠੀਕ ਹੈ ਤੇ ਮਰੀਜ਼ਾਂ ਗਿਣਤੀ ਕਾਫੀ ਘੱਟ ਰਹੀ ਹੈ। ਭਾਰਤ ਵਿੱਚ ਕੋਰੋਨਾ ਤੋਂ ਬਾਅਦ ਲੀਹ ਪਟੜੀ ਉਤੇ ਪਰਤ ਰਹੀ ਹੈ ਅਤੇ ਤਕਰੀਬਨ ਸਾਰੇ ਸੂਬਿਆਂ ਨੇ ਸਾਰੇ ਕੋਰੋਨਾ ਪਾਬੰਦੀਆਂ ਤੋਂ ਛੋਟਾਂ ਦੇ ਦਿੱਤੀਆਂ ਹਨ ਪਰ ਗੁਆਂਢੀ ਮੁਲਕ ਚੀਨ ਤੇ ਯੂਰਪ ਦੇ ਕੁਝ ਦੇਸ਼ਾਂ ਵਿੱਚ ਸਥਿਤੀ ਕਾਫੀ ਚਿੰਤਾਜਨਕ ਬਣ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਚੀਨ ਤੇ ਯੂਰਪ ਵਿੱਚ ਕੋਰੋਨਾ ਮਹਾਮਾਰੀ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਇਸ ਕਾਰਨ ਕੇਂਦਰ ਸਰਕਾਰ ਪਹਿਲਾਂ ਹੀ ਚੌਕਸ ਹੋ ਚੁੱਕੀ ਹੈ। ਖ਼ਤਰੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ, ਸਕੱਤਰਾਂ (ਸਿਹਤ) ਨੂੰ ਪੱਤਰ ਲਿਖ ਕੇ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਰਾਜੇਸ਼ ਭੂਸ਼ਣ ਨੇ ਪੱਤਰ ਰਾਹੀਂ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਟੈਸਟ, ਟ੍ਰੈਕ, ਇਲਾਜ, ਟੀਕਾਕਰਨ ਤੇ ਕੋਵਿਡ ਨਿਯਮਾਂ ਨੂੰ ਹਰ ਥਾਂ 'ਤੇ ਅਪਣਾਉਣ 'ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਹੈ ਕਿ ਸਾਰੇ ਸਬੰਧਤ ਅਧਿਕਾਰੀਆਂ ਤੇ ਵਿਭਾਗਾਂ ਨੂੰ ਇਨ੍ਹਾਂ ਪੰਜਾਂ ਨੁਕਤਿਆਂ ਉਤੇ ਸਹੀ ਢੰਗ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਨਵੇਂ ਖਤਰੇ ਦੇ ਮੱਦੇਨਜ਼ਰ ਡਾਕਟਰਾਂ ਨੂੰ ਪਹਿਲਾਂ ਹੀ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਨੇ ਇੱਕ ਵਾਰ ਫਿਰ ਚੀਨ ਦੀ ਹਾਲਤ ਬਦਤਰ ਕਰ ਦਿੱਤੀ ਹੈ। ਕੁਝ ਹਫ਼ਤਿਆਂ ਤੋਂ ਚੀਨ ਵਿੱਚ ਕੋਰੋਨਾ ਦੇ ਵੱਡੀ ਗਿਣਤੀ ਵਿੱਚ ਮਰੀਜ਼ ਸਾਹਮਣੇ ਆ ਰਹੇ ਹਨ ਤੇ ਕਈ ਥਾਈਂ ਮੁੜ ਲਾਕਡਾਊਨ ਲਗਾ ਦਿੱਤਾ ਹੈ। 20 ਫਰਵਰੀ ਤੋਂ ਚੀਨ ਵਿੱਚ ਰੋਜ਼ਾਨਾ ਮਾਮਲੇ ਵਧ ਰਹੇ ਹਨ। ਜੇ ਪਿਛਲੇ 5 ਦਿਨਾਂ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਉਥੇ ਹਰ ਰੋਜ਼ 1000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ਵਿੱਚ, ਪੂਰੇ 2021 ਵਿੱਚ 15,248 ਕਰੋਨਾ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਯੂਕੇ ਤੇ ਜਰਮਨੀ ਵਿੱਚ ਵੀ ਮਹਾਮਾਰੀ ਦੇ ਮਾਮਲੇ ਵਧੇ ਰਹੇ ਹਨ, ਜਿਸ ਕਾਰਨ ਭਾਰਤ ਵਿੱਚ ਕੇਂਦਰ ਸਰਕਾਰ ਪਹਿਲਾਂ ਹੀ ਚੌਕਸ ਨਜ਼ਰ ਆ ਰਹੀ ਹੈ। ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਡਾ. ਅਨਮੋਲ ਰਤਨ ਸਿੱਧੂ ਪੰਜਾਬ ਦੇ ਐਡਵੋਕੇਟ ਜਨਰਲ ਨਿਯੁਕਤ