ਪੂਰੇ ਪੰਜਾਬ 'ਚ ਲੱਗਣਗੇ ਬਿਜਲੀ ਦੇ ਕੱਟ, ਪਾਵਰਕਾਮ ਦੇ ਹੱਥ ਹੋਏ ਖੜ੍ਹੇ
ਪਟਿਆਲਾ :
ਪੰਜਾਬ ਵਿੱਚ ਬਿਜਲੀ ਦਾ ਸੰਕਟ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਪੰਜਾਬ ਦੇ ਥਰਮਲ ਪਲਾਟਾਂ ਦੇ 15 ਯੂਨਿਟ ਵਿਚੋਂ 5 ਥਰਮਲ ਯੂਨਿਟਾਂ ਉਤੇ ਉਤਪਾਦਨ ਬੰਦ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਉਧਰ ਪਾਵਰਕਾਮ ਲੋਕਾਂ ਕੋਲੋਂ ਸਹਿਯੋਗ ਮੰਗ ਰਿਹਾ ਹੈ ਤੇ ਹਾਲਾਤ ਉਸ ਦੇ ਵਸ ਤੋਂ ਬਾਹਰ ਹੋ ਰਹੇ ਹਨ। ਇਸ ਦਰਮਿਆਨ ਪੰਜਾਬ ਵਿੱਚ ਕੋਲੇ ਦੀ ਘੱਟਦੀ ਸਪਲਾਈ ਦੇ ਮੱਦੇਨਜ਼ਰ ਪਾਵਰਕਾਮ ਦੇ ਚੇਅਰਮੈਨ ਦਿੱਲੀ ਪੁੱਜ ਚੁੱਕੇ ਹਨ। ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਨਿਰੰਤਰ ਸਪਲਾਈ ਲਈ ਪਾਵਰਕਾਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਦਿੱਲੀ ਪੁੱਜ ਗਏ ਹਨ। ਸੂਤਰਾਂ ਅਨੁਸਾਰ ਸਰਾਂ ਰੇਲਵੇ ਮੰਤਰਾਲਾ ਤੇ ਕੋਲ ਮੰਤਰਾਲੇ ਨਾਲ ਝੋਨੇ ਦੇ ਸੀਜ਼ਨ ਵਿੱਚ ਨਿਰੰਤਰ ਸਪਲਾਈ ਲਈ ਗੱਲਬਾਤ ਕਰਨਗੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੇ ਸੰਕਟ ਨੂੰ ਘਟਾਇਆ ਜਾ ਸਕੇ।
ਇਹ ਯੂਨਿਟ ਬੰਦ ਹੋਣ ਨਾਲ 2,010 ਮੈਗਾ ਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ, ਜਿਸ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੂੰ ਸੂਬੇ ਭਰ ਵਿੱਚ ਲੰਬੇ ਬਿਜਲੀ ਕੱਟ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਸੂਤਰਾਂ ਨੇ ਦੱਸਿਆ ਕਿ ਰਾਜ ਦੇ ਪੰਜ ਥਰਮਲ ਪਲਾਂਟਾਂ ਵਿੱਚ ਜਿਨ੍ਹਾਂ ਵਿੱਚੋਂ ਤਿੰਨ ਨਿੱਜੀ ਅਤੇ ਦੋ ਸਰਕਾਰੀ ਮਾਲਕੀ ਵਾਲੇ ਹਨ, ਵਿੱਚ ਕੁੱਲ 15 ਥਰਮਲ ਯੂਨਿਟ ਹਨ ਤੇ ਲਗਭਗ 6,000 ਮੈਗਾਵਾਟ ਦੀ ਸਥਾਪਿਤ ਸਮਰੱਥਾ ਹੈ।
ਸਰਕਾਰੀ ਮਾਲਕੀ ਵਾਲੇ ਰੋਪੜ ਥਰਮਲ ਪਲਾਂਟ ਦੇ 210-210 ਮੈਗਾਵਾਟ ਦੇ ਦੋ ਯੂਨਿਟ ਅੱਜ ਬੰਦ ਹੋ ਗਏ ਹਨ। ਇਨ੍ਹਾਂ ਵਿਚੋਂ ਇਕ ਯੂਨਿਟ ਸਾਲਾਨਾ ਰੱਖ-ਰਖਾਅ ਕਰਕੇ ਬੰਦ ਹੈ ਤੇ ਦੂਜਾ ਸਵੇਰੇ ਬਾਇਲਰ ਲੀਕ ਹੋਣ ਕਾਰਨ ਬੰਦ ਹੋ ਗਿਆ।
ਤਲਵੰਡੀ ਸਾਬੂ ਵਿਖੇ 660 ਮੈਗਾਵਾਟ ਦਾ ਇੱਕ ਯੂਨਿਟ (ਯੂਨਿਟ-2) 15 ਅਪ੍ਰੈਲ ਤੋਂ ਸਾਲਾਨਾ ਰੱਖ-ਰਖਾਅ ਕਰ ਕੇ ਬੰਦ ਹੈ, ਜਦੋਂਕਿ ਉਸੇ ਸਮਰੱਥਾ ਦੇ (ਯੂਨਿਟ-3) ਵਿੱਚ ਅੱਜ ਬਾਇਲਰ ਲੀਕ ਹੋਣ ਕਾਰਨ ਤਕਨੀਕੀ ਖ਼ਰਾਬੀ ਪੈਦਾ ਹੋ ਗਈ ਅਤੇ ਉਤਪਾਦਨ ਬੰਦ ਹੋ ਗਿਆ। ਗੋਇੰਦਵਾਲ ਵਿਖੇ 270 ਮੈਗਾਵਾਟ ਦਾ ਯੂਨਿਟ (ਯੂਨਿਟ-1) ਕੋਲੇ ਦੀ ਘਾਟ ਕਾਰਨ 11 ਅਪ੍ਰੈਲ ਤੋਂ ਪਹਿਲਾਂ ਹੀ ਬੰਦ ਹੈ।
ਪੰਜਾਬ ਵਿੱਚ ਬਿਜਲੀ ਦਾ ਮੰਗ ਪੂਰੀ ਕਰਨਾ ਪੀਐਲਪੀਸੀਐਲ ਦੇ ਵਸੋਂ ਬਾਹਰ ਹੋ ਗਿਆ ਹੈ। ਬਿਜਲੀ ਬੰਦ ਹੋਣ ਤੇ ਬਿਜਲੀ ਦੀ ਮੰਗ ਵਧਣ ਦੀ ਦੁਹਾਈ ਪਾਉਂਂਦਿਆਂ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਣ ਲੱਗੀ ਹੈ। ਸਮੂਹ ਐਸਡੀਓਜ਼ ਨੂੰ ਵ੍ਹਟਸਐਪ ਤੇ ਮੈਸੇਜ ਭੇਜਿਆ ਹੈ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਅਨਾਊਂਸਮੈਂਟ ਕਰਵਾ ਕੇ ਇਹ ਦੱਸਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟ ਤੇ ਤਲਵੰਡੀ ਸਾਬੋ ਦੋ ਯੂਨਿਟ ਤਕਨੀਕੀ ਖ਼ਰਾਬੀ ਕਰਕੇ ਬੰਦ ਹਨ, ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਰਕੇ ਬੰਦ ਰੱਖਿਆ ਗਿਆ ਹੈ।
ਪਾਵਰਕਾਮ ਨੇ ਵ੍ਹਟਸਐਪ ਰਾਹੀਂ ਸਾਰੇ ਐੱਸਡੀਓ ਜੇਈਜ਼ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਤਲਵੰਡੀ ਸਾਬੋ ਅਤੇ GGSTP ਰੋਪੜ ਥਰਮਲਾਂ ਦੇ ਯੂਨਿਟਾਂ ਦੇ ਖ਼ਰਾਬ ਹੋਣ ਸਬੰਧੀ ਅਨਾਊਂਸਮੈਂਟ ਕਰਵਾਉਣ ਕਿ ਉਨ੍ਹਾਂ ਥਰਮਲਾਂ ਦੇ ਬੰਦ ਹੋਣ ਨਾਲ ਇੱਕ ਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ। ਜਿਸ ਕਰਕੇ ਮਹਿਕਮੇ ਨੂੰ ਮਜਬੂਰੀ ਵਿੱਚ ਫੀਡਰਾਂ ਤੇ ਕੱਟ ਲਗਾਉਣੇ ਪੈ ਰਹੇ ਹਨ, ਇਨ੍ਹਾਂ ਥਰਮਲਾਂ ਦੀ ਸਪਲਾਈ ਤਿੰਨ ਦਿਨਾਂ ਤਕ ਚਾਲੂ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਸਥਿਤੀ ਪਹਿਲਾਂ ਵਾਂਗ ਆਮ ਹੋ ਜਾਵੇਗੀ ਸਮੂਹ ਵਡਮੁੱਲੇ ਖਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਸੰਕਟ ਦੀ ਘੜੀ ਨੂੰ ਸਮਝਦੇ ਹੋਏ ਇਸ ਨਾਜ਼ੁਕ ਸਥਿਤੀ ਵਿੱਚ ਮਹਿਕਮੇ ਦੀ ਮੱਦਦ ਕਰਨ ਅਤੇ ਸ਼ਾਂਤੀ ਬਣਾਈ ਰੱਖਣ, ਮਹਿਕਮੇ ਵੱਲੋਂ ਖਪਤਕਾਰਾਂ ਨੂੰ ਸਪਲਾਈ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ 'ਚ ਸ਼ਿਫਟ ਕੀਤੇ ਜਾਣਗੇ 50 ਦੇ ਕਰੀਬ ਖ਼ਤਰਨਾਕ ਗੈਂਗਸਟਰ