ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਵਾਲੇ ਅਧਿਆਪਕਾਂ 'ਤੇ ਕਾਰਵਾਈ ਕਰਨ ਦੇ ਆਦੇਸ਼ ਜਾਰੀ
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਅੱਗੇ ਈਟੀਟੀ ਅਧਿਆਪਕਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਧਰਨਾ ਦੇ ਰਹੇ ਅਧਿਆਪਕਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਵਿੱਚ ਲਿਖਿਆ ਹੈ ਕਿ ਜੋ ਅਧਿਆਪਕ ਜ਼ਰੂਰੀ ਕੰਮ/ ਘਰੇਲੂ ਕੰਮ ਲਈ ਛੁੱਟੀ ਲੈ ਕੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਦੇ ਸਾਹਮਣੇ ਧਰਨੇ ਵਿੱਚ ਸ਼ਾਮਿਲ ਸਨ ਉਨ੍ਹਾਂ ਦੀ ਛੁੱਟੀ ਰੱਦ ਕਰਦੇ ਹੋਏ ਬਤੌਰ ਨਿਯੁਕਤੀ ਅਧਿਕਾਰੀ ਹੋਣ ਕਰਕੇ ਸੰਬੰਧਤਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਕਿਸੇ ਕਿਸਮ ਦੀ ਅਣਗਹਿਲੀ ਦੀ ਸੂਰਤ ਵਿੱਚ ਜਿੰਮੇਵਾਰੀ ਆਪ ਦੀ ਨਿੱਜੀ ਹੋਵੇਗੀ। ਦੱਸ ਦੇਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਅੱਗੇ ਈਟੀਟੀ ਅਧਿਆਪਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾਕਾਰੀ ਅਧਿਆਪਕ ਆਪਣੀਆਂ ਡੈਪੂਟੇਸ਼ਨ ਬਦਲੀਆਂ ਰੱਦ ਕਰਨ ਦੀ ਮੰਗ ਕਰ ਰਹੇ ਹਨ। ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਐਤਵਾਰ ਤੋਂ ਜਾਰੀ ਹੈ ਤੇ ਅਧਿਆਪਕਾਂ ਨੇ ਰਾਤ ਵੀ ਕੱਟੀ। ਦੂਜੇ ਪਾਸੇ ਅੱਜ ਮੰਤਰੀ ਮੀਤ ਹੇਅਰ ਦੀ ਕੋਠੀ ਨੂੰ ਜਾਂਦੀ ਸੜਕ ਉਤੇ ਬੈਰੀਕੇਡਿੰਗ ਕਰ ਦਿੱਤੀ ਗਈ ਜਿਸ ਨੂੰ ਕਿਸਾਨ ਆਗੂ ਮਨਜੀਤ ਧਨੇਰ ਨੇ ਖੁੱਲ੍ਹਵਾਇਆ। ਧਰਨਾਕਾਰੀ ਅਧਿਆਪਕਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵੀ ਲਾਏ। ਅਧਿਆਪਕ ਡੈਪੂਟੇਸ਼ਨ ਰੱਦ ਕਰਨ ਦੀ ਆਪਣੀ ਮੰਗ ਉਤੇ ਡਟੇ ਹੋਏ ਹਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਵੀ ਅਧਿਆਪਕਾਂ ਦੇ ਹੱਕ ਵਿੱਚ ਡਟੀਆਂ ਹਨ। ਕਿਸਾਨ ਆਗੂ ਮਨਜੀਤ ਧਨੇਰ ਨੇ ਹਰ ਪੱਖ ਤੋਂ ਅਧਿਆਪਕਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਹ ਵੀ ਪੜ੍ਹੋ:ਭਾਰਤੀ ਸਿੰਘ ਦੀ ਬੱਚੇ ਨਾਲ ਪਹਿਲੀ ਤਸਵੀਰ ਖੂਬ ਵਾਇਰਲ -PTC News