ਲੁਧਿਆਣਾ 'ਚ ਫਾਇਰਿੰਗ ਦੌਰਾਨ ਇੱਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
ਲੁਧਿਆਣਾ, 26 ਸਤੰਬਰ: ਲੁਧਿਆਣਾ ਦੇ ਵਿੱਚ ਦੇਰ ਰਾਤ ਥਾਣਾ ਸਾਹਨੇਵਾਲ ਦੇ ਪਿੰਡ ਜਸਪਾਲ ਬਾਂਗਰ ਦੇ ਪਾਹਵਾ ਰੋਡ 'ਤੇ ਸਥਿਤ ਫ਼ੈਕਟਰੀ ਲੁੱਟਣ ਆਏ ਚੋਰਾਂ ਦੀ ਕੋਸ਼ਿਸ਼ ਤਾਂ ਨਾਕਾਮ ਹੋ ਗਈ ਪਰ ਇਸ ਘਿਣਾਉਣੀ ਕੋਸ਼ਿਸ਼ ਦਰਮਿਆਨ ਇੱਕ ਬੇਗੁਨਾਹ ਦੀ ਜਾਨ ਚਲੀ ਗਈ।
ਲੁਟੇਰੇ ਬੋਲੈਰੋ ਗੱਡੀ ਵਿੱਚ ਸਵਾਰ ਹੋ ਕੇ ਗਲੋਬ ਐਂਟਰਪਰਾਈਜ਼ਿਜ਼ ਨਾਮਕ ਫ਼ੈਕਟਰੀ ਨੂੰ ਲੁੱਟਣ ਆਏ ਸਨ ਅਤੇ ਫ਼ੈਕਟਰੀ ਦੀ ਕੰਧ ਟੱਪ ਕੇ ਅੰਦਰ ਵੜੇ ਪਰ ਇਸ ਦੌਰਾਨ ਰੌਲਾ ਪੈ ਗਿਆ ਤੇ ਰੌਲਾ ਸੁਣ ਕੇ ਫ਼ੈਕਟਰੀ ਮਾਲਕ ਤੇ ਭਰਾ ਦਾ ਬੇਟਾ ਤੇ ਵਰਕਰ ਬਾਹਰ ਆ ਪਹੁੰਚੇ। ਜਿਸ ਤੋਂ ਬਾਅਦ ਮੌਕੇ 'ਤੇ ਭੱਜਣ ਸਮੇਂ ਚੋਰਾਂ ਨੇ ਗੋਲ਼ੀਬਾਰੀ ਕਰ ਦਿੱਤੀ।
ਇਸ ਗੋਲ਼ਾਬਾਰੀ 'ਚ ਇੱਕ 35 ਸਾਲਾ ਫ਼ੈਕਟਰੀ ਵਰਕਰ ਨੂੰ ਗੋਲੀ ਲੱਗਣ ਨਾਲ ਉਹ ਫੱਟੜ ਹੋ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫ਼ੈਕਟਰੀ ਮਾਲਕ ਦੇ ਭਤੀਜੇ ਨੂੰ ਵੀ ਗੋਲੀ ਲੱਗੀ ਹੈ ਜਿਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਵੱਲੋਂ ਮੌਕੇ 'ਤੇ ਜਾ ਕਿ ਜਾਇਜ਼ਾ ਲਿਆ ਗਿਆ ਹੈ ਅਤੇ ਨੇੜੇ ਤੇੜੇ ਦੇ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤਾਂ ਜੋ ਕੋਈ ਜਾਣਕਾਰੀ ਹਾਸਿਲ ਹੋ ਸਕੇ। ਫ਼ੈਕਟਰੀ ਮਾਲਕ ਸੁਖਦੇਵ ਸਿੰਘ ਨੇ ਦੱਸਿਆ ਕਿ ਜਿਹੜੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ 2 ਲੋਕ ਸਨ। ਉਸ ਵੇਲੇ ਫ਼ੈਕਟਰੀ ਮਾਲਕ ਅਤੇ ਵਰਕਰ ਡਾਂਗਾਂ-ਸੋਟੀਆਂ ਲੈ ਕੇ ਨੇੜੇ ਖੜੀ ਬੋਲੈਰੋ ਗੱਡੀ ਵੱਲ ਨੱਸ ਪਏ।
ਇਸ ਦਰਮਿਆਨ ਜਦੋਂ ਉਹ ਸਾਰੇ ਗੱਡੀ ਦੇ ਨੇੜੇ ਪਹੁੰਚੇ ਤਾਂ ਲੁਟੇਰਿਆਂ ਕੋਲ ਅਸਲ ਸੀ ਜਿਸ ਨਾਲ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਸਿੰਘ ਮੁਤਾਬਿਕ ਉਨ੍ਹਾਂ 7-8 ਰੌਂਦ ਫਾਇਰ ਕੀਤੇ ਜਿਸ ਦੌਰਾਨ ਇਕ ਵਰਕਰ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਫੱਟੜ ਹੋ ਗਿਆ।
-PTC News