ਪੁਲਿਸ ਚੌਂਕੀ ਗ੍ਰਨੇਡ ਹਮਲੇ ਦੇ ਮਾਮਲੇ 'ਚ ਟਿਫਨ ਬੰਬ ਤੇ ਹੋਰ ਅਸਲੇ ਸਣੇ ਪੰਜ ਗ੍ਰਿਫ਼ਤਾਰ
ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਇੱਥੇ ਟਿਫਨ ਬੰਬ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ 'ਚ ਮੌਜੂਦ ਹਰਵਿੰਦਰ ਰਿੰਦਾ ਦੀ ਸਾਜਿਸ਼ ਤਹਿਤ ਪੰਜਾਬ 'ਚ ਇਹ ਬੰਬ ਪਹੁੰਚਾਇਆ ਸੀ। ਇਸ ਦੇ ਨਾਲ ਹੀ ਨੂਰਪੁਰ ਪੁਲਿਸ ਚੌਕੀ 'ਚ ਬਲਾਸਟ ਹੋਣ ਦਾ ਮਾਮਲਾ ਵੀ ਖੁੱਲ੍ਹਾ ਹੈ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਪੁਲਿਸ ਵੱਲੋਂ ਪਿਛਲੇ ਦਿਨੀਂ ਸੀਆਈਏ ਸਟਾਫ਼ ਦਫਤਰ ਵਿੱਚ ਨਵੰਬਰ 2021 ਨੂੰ ਹੋਏ ਹੈਂਡ ਗ੍ਰਨੇਡ ਹਮਲੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਆਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਤਿੰਨਾਂ ਦਾ 7 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਪੁਲਿਸ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਇਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਪਿੰਡ ਸਿੰਘਾਂ (ਹਿਮਾਚਲ ਪ੍ਰਦੇਸ਼) ਦੇ ਰਹਿਣ ਵਾਲੇ ਅਮਨਦੀਪ ਸਿੰਘ ਕੋਲੋਂ ਇੱਕ ਟਿਫਨ ਬੰਬ ਸਮੇਤ ਇਸ ਦੇ ਪਾਰਟਸ, ਇਕ ਆਈਈਡੀ ਤੇ ਇੱਕ ਪੈਨ ਡਰਾਈਵ ਬਰਾਮਦ ਕੀਤੀ ਹੈ। ਇਕ 9 ਐਮਐਮ ਮਾਊਜ਼ਰ 10 ਰੌਂਦ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ 7 ਅਤੇ 8 ਨਵੰਬਰ 2021 ਦੇ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦੇ ਇਰਾਦੇ ਨਾਲ ਸੀ.ਆਈ.ਏ ਦਫ਼ਤਰ ਨਵਾਂਸ਼ਹਿਰ ਵਿਖੇ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ। ਲਿਹਾਜ਼ਾ ਸੀ.ਆਈ.ਏ ਦਫ਼ਤਰ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਹਮਲੇ ਦੌਰਾਨ ਵਾਲ ਵਾਲ ਬਚ ਗਏ ਸਨ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਨਵਾਂਸ਼ਹਿਰ ਦੇ ਪਿੰਡ ਬੈਂਸ ਦੇ ਰਹਿਣ ਵਾਲੇ ਮਨੀਸ਼ ਕੁਮਾਰ ਉਰਫ ਮਨੀ ਉਰਫ ਬਾਬਾ, ਜ਼ਿਲਾ ਜਲੰਧਰ ਦੇ ਗੁਰਾਇਆ ਦੇ ਪਿੰਡ ਅੱਟਾ ਦੇ ਵਾਸੀ ਰਮਨਦੀਪ ਸਿੰਘ ਉਰਫ ਜੱਖੂ ਅਤੇ ਐਸਬੀਐਸ ਨਗਰ ਦੇ ਪਿੰਡ ਸਾਹਲੋਂ ਵਾਸੀ ਪਰਦੀਪ ਸਿੰਘ ਉਰਫ ਭੱਟੀ ਵਜੋਂ ਹੋਈ ਸੀ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਜਿੰਦਾ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਗਿਆ ਸੀ। ਇਹ ਵੀ ਪੜ੍ਹੋ : ਬੀਐਸਐਫ ਜਵਾਨਾਂ ਨੇ 3 ਕਿੱਲੋ 900 ਗ੍ਰਾਮ ਹੈਰੋਇਨ ਕੀਤੀ ਬਰਾਮਦ