ਪੜਾਅਵਾਰ ਝੋਨੇ ਦੀ ਲੁਆਈ ਦੇ ਦੂਜੇ ਦਿਨ ਬਿਜਲੀ ਦੀ ਮੰਗ 12 ਹਜ਼ਾਰ 800 ਮੈਗਾਵਾਟ 'ਤੇ ਪੁੱਜੀ
ਪਟਿਆਲਾ : ਪੜਾਅਵਾਰ ਝੋਨੇ ਦੀ ਲੁਆਈ ਦੇ ਦੂਜੇ ਦਿਨ ਅੱਜ ਬਿਜਲੀ ਦੀ ਮੰਗ 12 ਹਜ਼ਾਰ 800 ਮੈਗਾਵਾਟ ਉਤੇ ਪੁੱਜ ਗਈ। ਇਸ ਦੌਰਾਨ ਕਈ ਦਿਨਾਂ ਤੋਂ ਬੰਦ ਪਿਆ ਜੀਵੀਕੇ ਦਾ ਇਕ ਨੰਬਰ ਯੂਨਿਟ ਮੁੜ ਚਾਲੂ ਹੋ ਗਿਆ। ਤਲਵੰਡੀ ਸਾਬੋ ਦੇ ਵੀ ਤਿੰਨੋਂ ਯੂਨਿਟ ਚਾਲੂ ਹੋ ਗਏ ਹਨ। ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਤਕਨੀਕੀ ਖਰਾਬੀ ਕਾਰਨ ਬੰਦ ਪਏ ਹੋਏ ਹਨ। ਝੋਨੇ ਦੀ ਬਿਜਾਈ ਦਾ ਦੂਸਰੇ ਪੜਾਅ ਸ਼ੁਰੂ ਹੁੰਦਿਆਂ ਹੀ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਤੋਂ ਟੱਪ ਗਈ। ਅੱਜ ਮੰਗ 12800 ਮੈਗਾਵਾਟ ਰਿਕਾਰਡ ਕੀਤੀ ਗਈ ਹੈ। ਗੋਇੰਦਵਾਲ ਦਾ ਬੰਦ ਪਿਆ ਇਕ ਨੰਬਰ ਯੂਨਿਟ ਤੇ ਬੀਤੇ ਦਿਨ ਬੰਦ ਹੋਏ ਰੋਪੜ ਪਲਾਂਟ ਦੇ ਸਾਰੇ ਯੂਨਿਟ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਸੀ ਪਰ ਅੱਜ ਇਸ ਦੇ 2 ਯੂਨਿਟ ਮੁੜ ਬੰਦ ਹੋ ਗਏ। ਇਸ ਤੋਂ ਇਲਾਵਾ ਲਹਿਰਾ ਮੁਹੱਬਤ ਤੇ ਤਲਵੰਡੀ ਸਾਬੋ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਪਏ ਹਨ। ਪੀਐਸਪੀਸਐੱਲ ਨੇ ਸਰਕਾਰੀ ਤੇ ਨਿੱਜੀ ਥਰਮਲਾਂ ਤੇ ਹਾਈਡਲਾਂ ਤੋਂ ਕਰੀਬ 5100 ਮੈਗਾਵਾਟ ਬਿਜਲੀ ਹਾਸਲ ਕੀਤੀ ਤੇ ਮੰਗ ਪੂਰੀ ਕਰਨ ਲਈ ਕਰੀਬ 7 ਹਜ਼ਾਰ ਮੈਗਾਵਾਟ ਬਿਜਲੀ ਬਾਹਰੋਂ ਹਾਸਲ ਕੀਤੀ ਹੈ। ਓਪਨ ਅਕਸਚੇਂਜ ਬਿਜਲੀ ਮੁੱਲ ਔਸਤਨ 9.35 ਰੁਪਏ ਪ੍ਰਤੀ ਯੂਨਿਟ ਰਿਹਾ ਹੈ। ਜ਼ਿਕਰਯੋਗ ਹੈ ਕਿ ਝੋਨੇ ਦੀ ਲੁਆਈ ਸ਼ੁਰੂ ਹੁੰਦੇ ਹੀ ਬਿਜਲੀ ਦੇ ਲੰਮੇ-ਲੰਮੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਕਿਸਾਨ ਕਾਫੀ ਪਰੇਸ਼ਾਨ ਹਨ ਅਤੇ ਇਸ ਤੋਂ ਇਲਾਵਾ ਅੱਤ ਦੀ ਗਰਮੀ ਵਿੱਚ ਲੱਗ ਰਹੇ ਕੱਟਾਂ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਲੋਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨਾ ਲਗਾ ਰਹੇ ਹਨ। ਇਸ ਦੇ ਬਾਵਜੂਦ ਵੀ ਢੁੱਕਵੀਂ ਬਿਜਲੀ ਨਹੀਂ ਮਿਲ ਰਹੀ। ਇਸ ਕਾਰਨ ਉਹ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ ਹਨ। ਇਸ ਕਾਰਨ ਕਿਸਾਨ ਕਾਫੀ ਜ਼ਿਆਦਾ ਨਿਰਾਸ਼ ਹਨ ਅਤੇ ਉਨ੍ਹਾਂ ਨੇ ਢੁੱਕਵੀਂ ਬਿਜਲੀ ਦੇਣ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਡਾ ਬਿਆਨ