ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ, 150 ਕਾਰੀਗਰ ਪੁੱਜੇ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 28 ਅਗਸਤ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਫੁੱਲਾਂ ਦੀ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਗੁਰੂ ਘਰ ਦੇ ਸੇਵਕ ਦਿੱਲੀ ਦੇ ਕਾਰੋਬਾਰੀ ਕੇ ਕੇ ਸ਼ਰਮਾ ਪਿਛਲੇ 5 ਵਰ੍ਹਿਆਂ ਤੋਂ ਇਹ ਸੇਵਾ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਰਧਾ ਨਾਲ ਕਰਵਾਈ ਜਾ ਰਹੀ ਹੈ। ਇਸ ਵਾਰ ਵੀ ਦਿੱਲੀ ਦੇ ਕੇਕੇ ਸ਼ਰਮਾ ਏਮਿਲ ਫਾਰਮੇਸੀ ਦੇ ਮਾਲਕ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਕਿਸਮਾਂ ਦੇ ਫੁੱਲਾਂ ਦੇ 4 ਟਰੱਕ ਤੇ 150 ਮਾਹਿਰ ਕਾਰੀਗਰ ਪਹੁੰਚ ਚੁੱਕੇ ਹਨ ਤੇ ਸਜਾਵਟ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਕਾਸ਼ ਪੁਰਬ ਮੌਕੇ ਸਜਾਵਟ ਲਈ ਭਾਰਤ ਦੇ ਰਵਾਇਤੀ ਫੁੱਲਾਂ ਅਰਚਿਡ, ਗੁਲਾਬ, ਡੇਜ਼ੀ, ਬਰੇਸੀਆ ਤੋਂ ਇਲਾਵਾ ਹਾਲੈਂਡ , ਥਾਈਲੈਂਡ, ਕੋਲੰਬੀਆ, ਚਾਈਨਾ, ਆਸਟ੍ਰੇਲੀਆ, ਯੂਰਪ, ਇਟਲੀ ਤੇ ਪੂਰਬੀ ਏਸ਼ੀਆ ਤੋਂ ਰੈਡ ਬੇਰੀ, ਡਿਸਬਡ, ਕਿੰਗ ਪੇਟੀਆ, ਪਿੰਕ ਕੁਸ਼ਨ, ਸਨੋਬਾਲ, ਟਿਓਲਿਪ, ਇਟਾਲੀਅਨ ਰਸਕਸ ਆਦਿ ਰੰਗ ਬਿਰੰਗੇ ਖ਼ੁਸ਼ਬੂਆਂ ਬਿਖੇਰਨ ਵਾਲੇ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਸਜਾਉਣ ਦੀ ਸੇਵਾ ਆਰੰਭੀ ਗਈ ਹੈ ਜੋ 27 ਅਗਸਤ ਤੱਕ ਮੁਕੰਮਲ ਹੋ ਜਾਵੇਗੀ। ਇਹ ਵੀ ਪੜ੍ਹੋ :AIG ਆਸ਼ੀਸ਼ ਕਪੂਰ ਦੀ ਰਿਹਾਇਸ਼ 'ਤੇ ਵਿਜੀਲੈਂਸ ਦੀ ਛਾਪੇਮਾਰੀ, ਕੋਠੀ ਦੀ ਕੀਤੀ ਪੈਮਾਇਸ਼ ਕਰੋੜਾਂ ਦੀ ਲਾਗਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ-ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ। ਸਜਾਵਟ ਵਿੱਚ ਜਿੱਥੇ ਗੋਲੇ, ਝਾਲਰ, ਸਿਹਰੇ, ਝੂਮਰ, ਲੜੀਆਂ, ਖੰਡਾ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾਣਗੇ ਉੱਥੇ ਖੰਡਾ ਤੇ ਇਕ ਉਂਕਾਰ ਵੀ ਵਿਸ਼ੇਸ਼ ਰੂਪ ਵਿੱਚ ਝਾਲਰ ਤਿਆਰ ਕੀਤੀ ਜਾ ਰਹੀ ਹੈ। ਫੁੱਲਾਂ ਵਿੱਚ ਦੇਸ਼ ਵਿਦੇਸ਼ ਤੋਂ ਸੌ ਤਰ੍ਹਾਂ ਦੇ ਫੁੱਲ ਮੰਗਵਾਏ ਗਏ ਹਨ ਸਭ ਤੋਂ ਵੱਧ ਤਾਦਾਰ ਫੁੱਲਾਂ 'ਚ ਗੇਂਦਾਂ ਦੀ ਹੈ, ਜਿਸ ਨੂੰ ਲੜੀਆਂ ਆਦਿ ਦੇ ਵਿੱਚ ਵਰਤਿਆ ਜਾਵੇਗਾ। -PTC News