ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਮੌਕੇ ਸਿਮਰਨਜੀਤ ਮਾਨ ਦਾ ਗੈਂਗਸਟਰਾਂ ਨੂੰ ਲੈ ਕੇ ਵੱਡਾ ਬਿਆਨ
ਮੋਗਾ: ਮੋਗਾ ਦੇ ਗੁਰਦੁਆਰਾ ਖਾਲਸਾ ਸਾਹਿਬ ਰੋਡੇ ਵਿਖੇ ਵਾਰਸ ਪੰਜਾਬ ਦੇ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਅਤੇ ਅੰਮ੍ਰਿਤਪਾਲ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਆਗੂ ਥਾਪਿਆ ਗਿਆ। ਵਾਰਿਸ ਪੰਜਾਬ ਵਾਰਿਸ ਪੰਜਾਬ ਦੇ ਨਾਮ ਦੀ ਇਸ ਜਥੇਬੰਦੀ ਦੀ ਸ਼ੁਰੂਆਤ 29 ਸਤੰਬਰ 2021 ਨੂੰ ਦੀਪ ਸਿੱਧੂ ਵੱਲੋਂ ਕੀਤੀ ਗਈ ਸੀ। ਇਸਦੀ ਪਹਿਲੀ ਵਰ੍ਹੇਗੰਢ ਤੇ ਸੰਤ ਭਿੰਡਰਾਵਾਲੇ ਦੇ ਪਿੰਡ ਰੋਡੇ ਵਿੱਚ ਬਕਾਇਦਾ ਦਸਤਾਰਬੰਦੀ ਕਰ ਅੰਮ੍ਰਿਤਪਾਲ ਸਿੰਘ ਨੂੰ ਇਸ ਜਥੇਬੰਦੀ ਦਾ ਪ੍ਰਧਾਨ ਐਲਾਨਿਆ ਗਿਆ। ਦੁਬਈ ਵਿੱਚ ਕੇਸ ਕੱਟ ਕੇ ਰੱਖਣ ਵਾਲੇ ਅੰਮ੍ਰਿਤਪਾਲ ਨੇ ਇੱਥੇ ਆ ਕੇ ਨਾ ਸਿਰਫ਼ ਸਿੱਖੀ ਸਰੂਪ ਅਪਣਾਇਆ ਸਗੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਅੰਮ੍ਰਿਤ ਵੀ ਛੱਕਿਆ। ਏਜੰਸੀਆਂ ਦਾ ਦਾਅਵਾ ਏਜੰਸੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਗਰਮ ਖਿਆਲੀ ਹੋਣ ਦੇ ਨਾਲ-ਨਾਲ ਖਾਲਿਸਤਾਨੀ ਸਮਰਥਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ ਹੈ ਇਸ ਲਈ ਅੰਮ੍ਰਿਤਪਾਲ ਨੂੰ ਜਥੇਬੰਦੀ ਦਾ ਆਗੂ ਥਾਪੇ ਜਾਣ ਉੱਤੇ ਲਗਾਤਾਰ ਵਿਵਾਦ ਗਰਮਾ ਰਿਹਾ ਹੈ। ਸਾਂਸਦ ਸਿਮਰਨਜੀਤ ਮਾਨ ਨੇ ਕੀਤੀ ਹਮਾਇਤ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਗੂ ਥਾਪੇ ਜਾਣ ਤੋਂ ਬਾਅਦ ਸਰਕਾਰ ਘਬਰਾਈ ਹੋਈ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਬਿਆਨ ਨੂੰ ਨੌਜਵਾਨਾਂ ਨੂੰ ਵੰਗਾਰਨ ਵਾਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਦੀ ਦਸਤਾਰ ਬੰਦੀ ਕਈ ਕਿਸਾਨ ਜਥੇਬੰਦੀਆਂ ਨੂੰ ਵੀ ਹਜਮ ਨਹੀਂ ਹੋ ਰਹੀ। ਗੈਂਗਸਟਰਾਂ ਨੂੰ ਲੈਕੇ ਸਿਮਰਨਜੀਤ ਮਾਨ ਦਾ ਬਿਆਨ ਇਸ ਤੋਂ ਇਲਾਵਾ ਸਮਾਗਮ ਦੌਰਾਨ ਸਾਂਸਦ ਸਿਮਰਨਜੀਤ ਮਾਨ ਨੇ ਵੀ ਗੈਂਗਸਟਰਾਂ ਨੂੰ ਲੈਕੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਪੰਜਾਬ ਦੇ ਗੈਂਗਸਟਰ ਜੋ ਗਲਤ ਰਾਹਾਂ ਉੱਤੇ ਤੁਰ ਪਏ ਹਨ ਗੈਂਗਸਟਰਵਾਦ ਨੂੰ ਛੱਡ ਕੇ ਸਿੱਖ ਕੌਮ ਨਾਲ ਜੁੜ ਜਾਣ ਅਤੇ ਸਾਡੇ ਨਾਲ ਆ ਕੇ ਕੰਮ ਕਰਨ। ਸਿਮਰਨਜੀਤ ਮਾਨ ਨੇ ਕਿਹਾ ਕਿ ਉਹ ਗੈਂਗਸਟਰਾਂ ਨੂੰ ਮੁੜ ਤੋਂ ਸੁਖਾਲੀ ਜ਼ਿੰਦਗੀ ਜਿਉਣਦਾ ਮੌਕਾ ਦੇਣਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਜਾਂਚ ਦੀ ਕੀਤੀ ਮੰਗ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕਰਦੇ ਹੋਏ ਸਵਾਲ ਪੁੱਛਿਆ ਹੈ ਕਿ ਆਖਿਰ ਕਿਵੇਂ ਦੁਬਈ ਤੋਂ ਆਕੇ ਇੱਕ ਸਖਸ਼ ਦੇਸ਼ ਵਿਰੋਧੀ ਪ੍ਰਚਾਰ ਕਰ ਰਿਹਾ ਹੈ ? ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਵਿੱਚ ਕਿਸੇ ਨੂੰ ਵੀ ਕਨੂੰਨ ਵਿਵਸਥਾ ਖ਼ਰਾਬ ਨਹੀਂ ਕਰਨ ਦਿੱਤੀ ਜਾਵੇਗੀ, ਹਾਲਾਂਕਿ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ ਜੋ ਨੌਜਵਾਨ ਆ ਕੇ ਆਪਣੀ ਗੱਲ ਕਰ ਰਿਹਾ ਹੈ, ਉਸਨੂੰ ਕਰਨ ਦੇਣੀ ਚਾਹੀਦੀ ਹੈ। ਅੰਮ੍ਰਿਤਪਾਲ ਸਿੰਘ ਦੀ ਹੋਵੇਗੀ ਜਾਂਚ : ਹਰਪਾਲ ਚੀਮਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਦੀ ਜਾਂਚ ਕਰਵਾਏਗੀ। ਉਨ੍ਹਾਂ ਕਿਹਾ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਰੋਧੀ ਗਤੀਵਿਧੀਆਂ ਉਤੇ ਐਕਸ਼ਨ ਲਿਆ ਜਾਵੇਗਾ। ਇਹ ਵੀ ਪੜ੍ਹੋ:ਲੁਧਿਆਣਾ 'ਚ ਨਿਗਮ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਵਰਕਰਾਂ ਨਾਲ ਮੀਟਿੰਗਾਂ -PTC News