ਆਧਾਰ ਕਾਰਡ 'ਤੇ ਨਾਂ ਦੀ ਥਾਂ ਲਿਖਿਆ ਸੀ ਕੁਝ ਅਜਿਹਾ, ਦੇਖ ਕੇ ਅਧਿਆਪਕ ਹੋਈ ਪਰੇਸ਼ਾਨ
Aadhar Card Name: ਯੂਪੀ ਦੇ ਬਦਾਯੂੰ ਵਿੱਚ ਆਧਾਰ ਕਾਰਡ (Aadhar Card) ਬਣਾਉਣ ਦੌਰਾਨ ਅਜਿਹੀ ਅਨੋਖੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇਗਾ। ਇਸ ਲਾਪਰਵਾਹੀ ਨੂੰ ਵੇਖ ਕੇ ਤੁਸੀ ਆਧਾਰ ਕਾਰਡ ਬਣਾਉਣ ਵਾਲੇ 'ਤੇ ਇੱਕ ਪ੍ਰੈਂਕ ਜਾਂ ਕੁਝ ਹੋਰ ਸਮਝੋ ਜਿਸ ਵਿੱਚ ਬੱਚੇ ਦੇ ਨਾਂ ਦੀ ਥਾਂ ਮਧੂ ਦਾ ਪੰਜਵਾਂ ਬੱਚਾ ਲਿਖਿਆ ਹੋਇਆ ਹੈ। ਇਸ ਨਾਂ ਨਾਲ (Aadhar Card Name) ਆਧਾਰ ਕਾਰਡ ਬਣਿਆ ਸੀ। ਆਧਾਰ ਕਾਰਡ ਬਣਵਾਉਣ ਦੇ ਦੋ ਸਾਲ ਬਾਅਦ ਜਦੋਂ ਮਾਪੇ ਆਪਣੇ ਬੱਚੇ ਦਾ ਦਾਖ਼ਲਾ ਕਰਵਾਉਣ ਲਈ ਸਕੂਲ ਪੁੱਜੇ ਤਾਂ ਸਾਰਾ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ। ਹਾਲਾਂਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਧਾਰ ਕਾਰਡ ਬਣਾਉਣ ਵਾਲੇ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦਰਅਸਲ, ਸੂਬੇ ਦੇ ਬਦਾਉਂ ਦੀ ਤਹਿਸੀਲ ਖੇਤਰ ਦੇ ਬਿਲਸੀ ਦੇ ਇੱਕ ਪਿੰਡ ਵਿੱਚ ਜਦੋਂ ਇੱਕ ਵਿਅਕਤੀ ਆਪਣੇ ਬੱਚੇ ਨੂੰ ਦਾਖ਼ਲਾ ਦਿਵਾਉਣ ਲਈ ਇੱਕ ਪ੍ਰਾਇਮਰੀ ਸਕੂਲ ਵਿੱਚ ਪਹੁੰਚਿਆ ਤਾਂ ਅਧਿਆਪਕ ਨੇ ਉਸ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ। ਕਾਰਨ ਸੀ ਆਧਾਰ ਕਾਰਡ 'ਤੇ ਬੱਚੇ ਦਾ ਨਾਂ। ਬੱਚੇ ਦੇ ਨਾਂ ਦੀ ਥਾਂ ''ਮਧੂ ਦਾ ਪੰਜਵਾਂ ਬੱਚਾ'' ਲਿਖਿਆ ਹੋਇਆ ਸੀ।ਆਧਾਰ ਕਾਰਡ 'ਤੇ ਅਜਿਹਾ ਨਾਂ ਦੇਖ ਕੇ ਅਧਿਆਪਕ ਨੇ ਬੱਚੇ ਦੇ ਪਿਤਾ ਨੂੰ ਇਸ ਨੂੰ ਠੀਕ ਕਰਵਾਉਣ ਲਈ ਕਿਹਾ। ਇਹ ਵੀ ਪੜ੍ਹੋ : ਫ਼ਸਲ ਦੀ ਲਿਫਟਿੰਗ ਤੇ ਕਿਸਾਨਾਂ ਨੂੰ ਅਦਾਇਗੀ 'ਚ ਦੇਰੀ ਨਾ ਹੋਵੇ : ਭਗਵੰਤ ਸਿੰਘ ਮਾਨ 'ਮਧੂ ਦਾ ਪੰਜਵਾਂ ਬੱਚਾ' ਲਿਖਿਆ ਆਧਾਰ ਕਾਰਡ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ। ਬਿਲਸੀ ਤਹਿਸੀਲ ਖੇਤਰ ਦੇ ਪਿੰਡ ਰਾਏਪੁਰ ਦੇ ਰਹਿਣ ਵਾਲੇ ਦਿਨੇਸ਼ ਦੇ 5 ਬੱਚੇ ਹਨ। ਉਸ ਦੇ ਤਿੰਨ ਬੱਚੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹਨ। ਜਦੋਂ ਦਿਨੇਸ਼ ਆਪਣੀ ਬੇਟੀ ਆਰਤੀ ਨੂੰ ਦਾਖਲ ਕਰਵਾਉਣ ਲਈ ਸਕੂਲ ਪਹੁੰਚਿਆ ਤਾਂ ਉੱਥੇ ਮੌਜੂਦ ਅਧਿਆਪਕਾ ਏਕਤਾ ਵਰਸ਼ਨੀ ਨੇ ਦਾਖਲੇ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਬੱਚੀ ਦਾ ਆਧਾਰ ਕਾਰਡ ਦੇਖ ਕੇ ਹੈਰਾਨ ਰਹਿ ਗਏ। ਆਧਾਰ ਕਾਰਡ 'ਚ ਆਰਤੀ ਦੇ ਨਾਂ ਦੀ ਥਾਂ 'ਮਧੂ ਦਾ ਪੰਜਵਾਂ ਬੱਚਾ' ਲਿਖਿਆ ਹੋਇਆ ਸੀ। ਅਜਿਹੀ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। -PTC News