ਬਠਿੰਡਾ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 130 ਤੱਕ ਪਹੁੰਚੀ
ਬਠਿੰਡਾ, 22 ਅਗਸਤ: ਪੰਜਾਬ ਸਰਕਾਰ ਵੱਲੋਂ ਜਿੱਥੇ ਵਧ ਰਹੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਮਾਸਕ ਦੀ ਵਰਤੋਂ ਲਾਜ਼ਮੀ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉੱਥੇ ਹੀ ਕੋਰੋਨਾ ਦਾ ਕਹਿਰ ਵੀ ਵਧਾਣਾ ਸ਼ੁਰੂ ਹੋ ਗਿਆ ਹੈ। ਜ਼ਿਲ੍ਹਾ ਬਠਿੰਡਾ ਅੰਦਰ ਰੋਜ਼ਾਨਾ ਇੱਕ ਦਰਜਨ ਦੇ ਕਰੀਬ ਲੋਕ ਕੋਰੋਨਾ ਪ੍ਰਭਾਵਿਤ ਪਾਏ ਜਾ ਰਹੇ ਹਨ। ਹਾਸਿਲ ਜਾਣਕਾਰੀ ਮੁਤਾਬਕ ਕੋਰੋਨਾ ਕਰਕੇ ਅੱਜ ਇੱਕ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਰੋਨਾ ਨਾਲ ਮਰੀਜ਼ ਦੀ ਮੋਤ ਹੋਣ ਦੀ ਸਿਹਤ ਵਿਭਾਗ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ। ਕੋਰੋਨਾ ਪ੍ਰਭਾਵਿਤ ਮ੍ਰਿਤਕ ਵਿਅਕਤੀ ਦਾ ਸਸਕਾਰ ਬਠਿੰਡਾ ਦੀ ਸਹਾਰਾ ਜਨ ਸੇਵਾ ਵੱਲੋਂ ਕੀਤਾ ਗਿਆ। ਇਸ ਮਗਰੋਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਲੋਕਾਂ ਨੂੰ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਹੈ। ਦੱਸਿਆ ਗਿਆ ਕਿ ਬਠਿੰਡਾ ਵਿਖੇ ਇਕ ਮਹੀਨੇ ਵਿਚ ਕੋਰੋਨਾ ਕਾਰਨ ਇਹ ਦੂਸਰੀ ਮੌਤ ਹੈ। 30 ਸਾਲਾ ਨੌਜਵਾਨ ਦੀ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ। ਅਗਸਤ ਦੇ ਪਹਿਲੇ ਹਫ਼ਤੇ ਇਕ 82 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। 21 ਅਗਸਤ ਨੂੰ ਬਠਿੰਡਾ 'ਚ ਕੋਰੋਨਾ ਦੇ 28 ਸੈਂਪਲ ਪਾਜ਼ਿਟਿਵ ਆਏ ਸਨ ਜਦ ਕਿ ਐਕਟਿਵ ਕੇਸਾਂ ਦੀ ਗਿਣਤੀ 130 ਤਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਬਠਿੰਡਾ 'ਚ ਕੋਰੋਨਾ ਪਾਜ਼ਿਟਿਵ ਕੇਸਾਂ ਦੀ ਰੇਟਿੰਗ 6% ਤੱਕ ਪਹੁੰਚ ਚੁੱਕੀ ਹੈ। -PTC News