ਹੁਣ ਚੀਨ 'ਚ ਮਿਲਿਆ 'Zoonotic Langya virus', 35 ਲੋਕ ਹੋਏ ਸੰਕਰਮਿਤ
New virus in china: ਕੋਰੋਨਾ ਅਜੇ ਖਤਮ ਨਹੀਂ ਹੋਇਆ ਸੀ ਕਿ ਚੀਨ ਵਿੱਚ ਇੱਕ ਹੋਰ ਨਵਾਂ ਵਾਇਰਸ ਸਾਹਮਣੇ ਆਇਆ ਹੈ। ਤਾਈਵਾਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਮੁਤਾਬਕ ਚੀਨ 'ਚ 'ਜ਼ੂਨੋਟਿਕ ਲੈਂਗਿਆ ਵਾਇਰਸ' (Zoonotic Langya virus) ਪਾਇਆ ਗਿਆ ਹੈ। ਇਸ ਕਾਰਨ ਕਰੀਬ 35 ਲੋਕ ਵੀ ਸੰਕਰਮਿਤ ਪਾਏ ਗਏ ਹਨ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਾਈਵਾਨ ਇਸ ਵਾਇਰਸ ਦੀ ਲਾਗ ਦੀ ਪਛਾਣ ਕਰਨ ਅਤੇ ਨਿਗਰਾਨੀ ਕਰਨ ਲਈ ਨਿਊਕਲੀਕ ਐਸਿਡ ਟੈਸਟਿੰਗ ਵਿਧੀ ਸ਼ੁਰੂ ਕਰੇਗਾ।
ਚੀਨ ਦੇ ਸ਼ਾਨਡੋਂਗ ਅਤੇ ਹੇਨਾਨ ਪ੍ਰਾਂਤਾਂ ਵਿੱਚ ਲੰਗਯਾ ਹੈਨੀਪਾਵਾਇਰਸ ਪਾਇਆ ਗਿਆ ਹੈ। ਤਾਈਪੇ ਟਾਈਮਜ਼ ਦੇ ਅਨੁਸਾਰ, ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦਾ ਹੈ। ਤਾਈਵਾਨ ਦੇ ਸੀਡੀਸੀ ਦੇ ਡਿਪਟੀ ਡਾਇਰੈਕਟਰ ਜਨਰਲ ਚੁਆਂਗ ਜ਼ੇਨ-ਹਸਿਯਾਂਗ ਨੇ ਐਤਵਾਰ ਨੂੰ ਕਿਹਾ ਕਿ ਅਧਿਐਨਾਂ ਨੇ ਦਿਖਾਇਆ ਹੈ ਕਿ ਵਾਇਰਸ ਦਾ ਮਨੁੱਖ ਤੋਂ ਮਨੁੱਖ ਤੱਕ ਸੰਚਾਰ ਨਹੀਂ ਹੁੰਦਾ ਹੈ। ਹਾਲਾਂਕਿ, ਉਸਨੇ ਕਿਹਾ ਕਿ ਸੀਡੀਸੀ ਅਜੇ ਇਹ ਨਹੀਂ ਕਹਿ ਸਕਦੀ ਕਿ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਨਹੀਂ ਫੈਲ ਸਕਦਾ। ਉਨ੍ਹਾਂ ਨੇ ਵਾਇਰਸ ਬਾਰੇ ਹੋਰ ਜਾਣਕਾਰੀ ਆਉਣ ਤੱਕ ਚੌਕਸ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਕੀਤੀ ਗਠਿਤ, ਸਿਕੰਦਰ ਸਿੰਘ ਮਲੂਕਾ ਕਰਨਗੇ ਅਗਵਾਈ
ਉਨ੍ਹਾਂ ਘਰੇਲੂ ਪਸ਼ੂਆਂ 'ਤੇ ਕੀਤੇ ਗਏ ਸਰਵੇਖਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 2 ਫੀਸਦੀ ਕੇਸ ਬੱਕਰੀਆਂ 'ਚ ਅਤੇ 5 ਫੀਸਦੀ ਕੁੱਤਿਆਂ 'ਚ ਪਾਏ ਗਏ ਹਨ। ਉਨ੍ਹਾਂ ਕਿਹਾ ਕਿ 25 ਜੰਗਲੀ ਜਾਨਵਰਾਂ ਦੀਆਂ ਪ੍ਰਜਾਤੀਆਂ 'ਤੇ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਲੰਗਿਆ ਹੈਨੀਪਾਵਾਇਰਸ ਦੇ ਪ੍ਰਸਾਰਣ ਦਾ ਮੁੱਖ ਕਾਰਨ ਸ਼ਰੂ (ਇੱਕ ਚੂਹੇ ਵਰਗਾ ਛੋਟਾ ਕੀਟਨਾਸ਼ਕ ਥਣਧਾਰੀ ਜੀਵ) ਹੋ ਸਕਦਾ ਹੈ।
35 ਵਿੱਚੋਂ 26 ਮਰੀਜ਼ਾਂ ਵਿੱਚ ਬੁਖਾਰ, ਥਕਾਵਟ, ਖੰਘ, ਭੁੱਖ ਨਾ ਲੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ ਅਤੇ ਉਲਟੀਆਂ ਵਰਗੇ ਲੱਛਣ ਪਾਏ ਗਏ ਹਨ। ਮਰੀਜ਼ਾਂ ਵਿੱਚ ਚਿੱਟੇ ਰਕਤਾਣੂਆਂ ਵਿੱਚ ਵੀ ਕਮੀ ਦੇਖੀ ਗਈ। ਇੰਨਾ ਹੀ ਨਹੀਂ ਮਰੀਜ਼ਾਂ 'ਚ ਪਲੇਟਲੈਟਸ ਘੱਟ ਹੋਣ, ਲਿਵਰ ਫੇਲ ਹੋਣ ਅਤੇ ਕਿਡਨੀ ਫੇਲ ਹੋਣ ਵਰਗੇ ਲੱਛਣ ਵੀ ਪਾਏ ਗਏ ਹਨ।
-PTC News