ਮੁਫ਼ਤ ਬਿਜਲੀ ਦੇਣ ਸਬੰਧੀ ਨੋਟੀਫਿਕੇਸ਼ਨ ਜਾਰੀ, ਵੱਖ-ਵੱਖ ਸ਼੍ਰੇਣੀਆਂ ਲਈ ਮਾਪਦੰਡ ਜਾਰੀ
ਪਟਿਆਲਾ : ਪਾਵਰਕਾਮ ਨੇ ਸਾਰੇ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਨੂੰ 600 ਯੂਨਿਟ ਦੋ ਮਹੀਨੇ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਦਾਨ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ। ਇਨ੍ਹਾਂ ਘਰੇਲੂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ਼, ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਤੇ ਸਰਕਾਰੀ ਲੈਵੀਜ/ਟੈਕਸ ਨਹੀਂ ਵਸੂਲੇ ਜਾਣਗੇ। ਇਹ ਰਿਆਇਤ ਇਕ ਜੁਲਾਈ ਤੋਂ ਬਾਅਦ ਬਿਜਲੀ ਦੀ ਹੋਣ ਵਾਲੀ ਖਪਤ ਉਤੇ ਹੋਵੇਗੀ। ਨੋਟੀਫਿਕੇਸ਼ਨ ਅਨੁਸਾਰ ਘਰੇਲੂ ਸਪਲਾਈ ਦੇ ਸ਼ਡਿਊਲ ਆਫ ਟੈਰਿਫ ਅਧੀਨ ਆਉਂਦੇ ਬਾਕੀ ਹੋਰ ਸਾਰੇ ਖਪਤਕਾਰਾਂ ਜਿਵੇਂ ਕਿ ਸਰਕਾਰੀ ਹਸਪਤਾਲ, ਸਰਕਾਰੀ ਡਿਸਪੈਂਸਰੀਆਂ, ਸਾਰੇ ਪੂਜਾ ਸਥਾਨ, ਸਰਕਾਰੀ ਖੇਡ ਸੰਸਥਾਵਾਂ, ਸੈਨਿਕ ਰੈਸਟ ਹਾਊਸ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਵਿਦਿਅਕ ਸੰਸਥਾਵਾਂ ਤੇ ਅਟੈਚਡ ਹੋਸਟਲਾਂ ਨੂੰ ਛੱਡ ਕੇ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਦੋ ਮਹੀਨੇ ਲਈ ਜਾਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਾਰੇ ਘਰੇਲੂ ਖਪਤਕਾਰ ਜਿਹੜੇ ਸਿਰਫ ਰਿਹਾਇਸ਼ੀ ਮਕਸਦ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਤੇ ਜਿਨ੍ਹਾਂ ਦੀ ਖਪਤ 600 ਯੂਨਿਟ ਦੋ ਮਹੀਨੇ ਲਈ ਜਾਂ 300 ਯੂਨਿਟ ਪ੍ਰਤੀ ਮਹੀਨਾ ਤੱਕ ਹੈ, ਉਨ੍ਹਾਂ ਖਪਤਕਾਰਾਂ ਲਈ ਭੁਗਤਾਨ ਬਿੱਲ ਜ਼ੀਰੋ ਹੋਵੇਗਾ। ਇਨ੍ਹਾਂ ਖਪਤਕਾਰਾਂ ਤੋਂ ਕੋਈ ਵੀ ਊਰਜਾ ਚਾਰਜਿਜ਼, ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਤੇ ਸਰਕਾਰੀ ਲੈਵੀਜ/ਟੈਕਸ ਨਹੀਂ ਵਸੂਲੇ ਜਾਣਗੇ। ਐਸਸੀ, ਬੀਸੀ, ਗ਼ੈਰ ਐਸਸੀ/ਬੀਸੀ ਬੀਪੀਐਲ ਤੇ ਪੰਜਾਬ ਦੇ ਆਜ਼ਾਦੀ ਘੁਲਾਟੀਆਂ ਸਮੇਤ ਉਨ੍ਹਾਂ ਦੇ ਵਾਰਿਸ ਵਾਲੇ ਖ਼ਪਤਕਾਰ 600 ਯੂਨਿਟ ਦੋ ਮਹੀਨੇ ਵਿੱਚ ਜਾਂ 300 ਯੂਨਿਟ ਪ੍ਰਤੀ ਮਹੀਨਾ ਤੋਂ ਵੱਧ ਖਪਤ ਹੋਣ ਵਾਲੀਆਂ ਯੂਨਿਟਾਂ ਲਈ ਹੀ ਊਰਜਾ ਚਾਰਜਿਜ਼ ਸਮੇਤ ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਤੇ ਸਰਕਾਰੀ ਲੈਵੀਜ/ਟੈਕਸ ਦਾ ਭੁਗਤਾਨ ਕਰਨਗੇ ਕਿਉਂਕਿ ਮੁਫ਼ਤ 600 ਯੂਨਿਟ ਦੋ ਮਹੀਨੇ ਲਈ ਜਾਂ 300 ਯੂਨਿਟ ਪ੍ਰਤੀ ਮਹੀਨਾ ਟੈਰਿਫ ਦੇ ਸ਼ੁਰੂਆਤੀ ਸਲੈਬਾਂ ਨਾਲ ਸਬੰਧਤ ਹਨ। ਇਸ ਲਈ ਰਿਆਇਤੀ ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਦਾ ਬਿੱਲ, 300 ਯੂਨਿਟ ਪ੍ਰਤੀ ਮਹੀਨਾ ਤੋਂ ਉਪਰ ਦੇ ਟੈਰਿਫ ਸਲੈਬ ਦੀਆਂ ਲਾਗੂ ਦਰਾਂ ਅਨੁਸਾਰ ਹੋਵੇਗਾ। ਭਰਨਾ ਪਵੇਗਾ ਸਵੈ-ਘੋਸ਼ਣਾ ਪੱਤਰ ਇਸ ਸਕੀਮ ਦਾ ਲਾਭ ਉਨ੍ਹਾਂ ਖਪਤਕਾਰਾਂ ਨੂੰ ਦਿੱਤਾ ਜਾਵੇਗਾ ਜੋ ਸਵੈ-ਘੋਸ਼ਣਾ ਪੱਤਰ ਦੇਣਗੇ। ਉਦਾਹਰਣ ਵਜੋਂ ਜੇਕਰ ਦੋ ਮਹੀਨੇ 'ਚ ਖਪਤ 750 ਯੂਨਿਟ ਹੈ ਤਾਂ 750-600=150 ਯੂਨਿਟਾਂ ਦਾ ਖਪਤਕਾਰ ਦੁਆਰਾ ਲਾਗੂ ਟੈਰਿਫ ਮੁਤਾਬਿਕ ਭੁਗਤਾਨ ਕੀਤਾ ਜਾਵੇਗਾ। ਹੋਰ ਸਾਰੇ ਘਰੇਲੂ ਖਪਤਕਾਰ ਦੀ ਖਪਤ, ਜੇ ਰਿਆਇਤੀ ਯੂਨਿਟ ਤੋਂ ਵੱਧ ਜਾਂਦੀ ਹੈ ਤਾਂ ਉਹ ਸਾਰੀ ਬਿਜਲੀ ਖਪਤ ਲਈ ਸਮੇਂ-ਸਮੇਂ ਸਿਰ ਪੀਐਸਈਆਰਸੀ ਵੱਲੋਂ ਲਾਗੂ ਟੈਰਿਫ ਅਨੁਸਾਰ ਊਰਜਾ ਚਾਰਜਿਜ਼ ਸਮੇਤ ਫਿਕਸਡ ਚਾਰਜਿਜ਼, ਮੀਟਰ ਕਿਰਾਇਆ ਤੇ ਸਰਕਾਰੀ ਲੈਵੀਜ/ਟੈਕਸ ਦਾ ਭੁਗਤਾਨ ਕਰਨਗੇ। ਉਦਾਹਰਣ ਦੇ ਤੌਰ ਉਤੇ ਜੇ ਦੋ ਮਹੀਨੇ ਵਿੱਚ ਖਪਤ 750 ਯੂਨਿਟ ਹੈ ਤਾਂ ਖਪਤਕਾਰ ਲਾਗੂ ਟੈਰਿਫ ਯੂਨਿਟਾਂ ਦਾ 750 ਯੂਨਿਟ ਦਾ ਭੁਗਤਾਨ ਕਰਨਗੇ। ਰੂਫਟਾਪ ਸੋਲਰ ਘਰੇਲੂ ਖਪਤਕਾਰ ਸੋਲਰ ਖਪਤਕਾਰਾਂ ਦਾ ਬਿੱਲ ਪ੍ਰਤੀ ਮਹੀਨਾ ਬਣਦਾ ਹੈ। ਅਜਿਹੇ ਖਪਤਕਾਰਾਂ ਦਾ ਪ੍ਰਤੀ ਮਹੀਨਾ ਬਿੱਲ ਰਿਆਇਤੀ ਯੂਨਿਟਾਂ ਅਨੁਸਾਰ ਹੀ ਹੋਵੇਗਾ। ਰਿਆਇਤੀ ਯੂਨਿਟਾਂ ਤੋਂ ਵੱਧ ਖਪਤ ਹੋਣ ਉਤੇ ਪੂਰੇ ਯੂਨਿਟ ਦਾ ਭੁਗਤਾਨ ਕਰਨਾ ਹੋਵੇਗਾ। ਸੱਤ ਕਿਲੋਵਾਟ ’ਤੇ 3 ਰੁਪਏ ਪ੍ਰਤੀ ਯੂਨਿਟ ਦੀ ਸਕੀਮ ਰਹੇਗੀ ਜਾਰੀ ਘਰੇਲੂ ਖਪਤਕਾਰ ਜਿਹੜੇ ਸਿਰਫ ਰਿਹਾਇਸ਼ੀ ਮਕਸਦ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਤੇ ਜਿਨ੍ਹਾਂ ਦਾ ਮਨਜੂਰਸ਼ੁਦਾ ਲੋੜ 7 ਕਿਲੋਵਾਟ ਤੱਕ ਹੈ, ਨੂੰ ਬਿਜਲੀ ਟੈਰਿਫ ਦੀਆਂ ਵੱਖ-ਵੱਖ ਸਲੈਬਾਂ ਉਤੇ 3 ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਸਮੇਤ ਸਰਕਾਰੀ ਖ਼ਰਚੇ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਸਰਕਾਰ ਵੱਲੋਂ ਪੀਐਸਪੀਸਐੱਲ ਨੂੰ ਸਬਸਿਡੀ ਦੇ ਰੂਪ ’ਚ ਕਰੇਗੀ ਅਦਾਇਗੀ ਪਾਵਰਕਾਮ ਵੱਲੋਂ ਜਾਰੀ ਪੱਤਰ ਅਨੁਸਾਰ ਮੁਫ਼ਤ ਬਿਜਲੀ ਦੀ ਰਿਆਇਤ ਤੇ ਟੈਰਿਫ ਦੀਆਂ ਘਟਾਈਆਂ ਗਈਆਂ ਦਰਾਂ ਦੀ ਪੂਰਤੀ ਪੰਜਾਬ ਸਰਕਾਰ ਵੱਲੋਂ ਪੀਐਸਪੀਸੀਐਲ ਨੂੰ ਸਬਸਿਡੀ ਦੇ ਰੂਪ ਵਿੱਚ ਕੀਤੀ ਜਾਵੇਗੀ। ਰਿਆਇਤੀ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਤੇ ਪੰਜਾਬ ਸਰਕਾਰ ਤੋਂ ਅਜਿਹੀ ਸਬਸਿਡੀ ਦੇ ਦਾਅਵੇ ਲਈ ਰੂਪ-ਰੇਖਾ ਪ੍ਰਮੁੱਖ ਇੰਜੀਨੀਅਰ/ਆਈ.ਟੀ., ਮੁੱਖ ਲੇਖਾ ਅਫਸਰ/ਰੈਵੀਨਿਊ ਤੇ ਵਿੱਤ ਸਲਾਹਕਾਰ, ਪੀਐਸਪੀਸੀਐਲ ਦੇ ਦਫਤਰ ਵੱਲੋਂ ਬਣਾਈ ਜਾਵੇਗੀ ਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਵੀ ਉਨ੍ਹਾਂ ਦੇ ਦਫਤਰਾਂ ਦੁਆਰਾ ਹੀ ਕੀਤੀ ਜਾਵੇਗੀ। ਇਹ ਵੀ ਪੜ੍ਹੋ : ਸਾਬਕਾ ਫ਼ੌਜੀਆਂ ਵੱਲੋਂ ਜੌਹਲ ਹਸਪਤਾਲ ਖ਼ਿਲਾਫ਼ ਰੋਸ ਪ੍ਰਦਰਸ਼ਨ, ਹਾਈਵੇ ਕੀਤਾ ਜਾਮ