ਵਿਜੇ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤੇ ਜਾਣ ਦੇ ਐਲਾਨ ਮਗਰੋਂ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਪੰਜਾਬ ਦੀ ਸਲਾਹ ਉਤੇ ਡਾ. ਵਿਜੇ ਸਿੰਗਲਾ, ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਨੂੰ ਤੁਰੰਤ ਪ੍ਰਭਾਵ ਨਾਲ ਮੰਤਰੀ ਮੰਡਲ ਤੋਂ ਹਟਾ ਦਿੱਤਾ ਹੈ। ਇੱਕ ਕਾਪੀ ਕੰਟਰੋਲਰ, ਪ੍ਰਿੰਟਿੰਗ ਅਤੇ ਸਟੇਸ਼ਨਰੀ, ਪੰਜਾਬ, ਚੰਡੀਗੜ੍ਹ ਨੂੰ ਬੇਨਤੀ ਭੇਜੀ ਹੈ ਕਿ ਇਹ ਨੋਟੀਫਿਕੇਸ਼ਨ ਅੱਜ ਪੰਜਾਬ ਸਰਕਾਰ ਦੇ ਗਜ਼ਟ (ਅਸਾਧਾਰਨ) ਵਿੱਚ ਬਿਨਾਂ ਕਿਸੇ ਦਿੱਕਤ ਦੇ ਪ੍ਰਕਾਸ਼ਿਤ ਕੀਤਾ ਜਾਵੇ ਅਤੇ ਨੋਟੀਫਿਕੇਸ਼ਨ ਦੀ ਕਾਪੀ ਇਸ ਵਿਭਾਗ ਨੂੰ ਜਲਦੀ ਤੋਂ ਜਲਦੀ ਸਪਲਾਈ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਬਰਾਖਸਤ ਵਿਜੇ ਸਿੰਗਲਾ ਸਬੰਧੀ ਅਹਿਮ ਖ਼ੁਲਾਸੇ ਹੋ ਰਹੇ ਹਨ। ਵਿਜੇ ਸਿੰਗਲਾ ਨੇ ਕਾਰੋਬਾਰੀ ਤੇ ਸਕੇ ਭਾਣਜੇ ਪ੍ਰਦੀਪ ਕੁਮਾਰ ਨੂੰ ਆਪਣਾ ਓਐਸਡੀ ਲਗਾਇਆ ਹੋਇਆ ਸੀ। ਪ੍ਰਦੀਪ ਕੁਮਾਰ ਵੀ ਰਿਸ਼ਵਤ ਮਾਮਲੇ ਵਿੱਚ ਸ਼ਾਮਲ ਸੀ। ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਵਿਜੇ ਸਿੰਗਲਾ ਨੇ ਆਪਣੇ ਭਤੀਜੇ ਪ੍ਰਦੀਪ ਬਾਂਸਲ ਨੂੰ ਓਐਸਡੀ ਬਣਾਇਆ ਸੀ। ਪ੍ਰਦੀਪ ਇੱਕ ਵਪਾਰੀ ਹੈ ਅਤੇ ਉਹ ਬਠਿੰਡਾ ਵਿੱਚ ਨੌਕਰੀ ਕਰਦਾ ਹੈ। ਇਸ ਤੋਂ ਇਲਾਵਾ ਆਈ.ਟੀ.ਆਈ ਵੀ ਚੱਲ ਰਹੀ ਹੈ। ਵਿਜੇ ਸਿੰਗਲਾ ਦਾ ਦੂਜਾ ਭਤੀਜਾ ਗਿਰੀਸ਼ ਵੀ ਉਨ੍ਹਾਂ ਦਾ ਓਐਸਡੀ ਹੈ। ਸਿੰਗਲਾ ਦੀਆਂ ਦੋ ਭੈਣਾਂ ਹਨ। ਦੋਵਾਂ ਦੇ ਇਕ-ਇਕ ਪੁੱਤਰ ਨੂੰ ਓ.ਐਸ.ਡੀ. ਪ੍ਰਦੀਪ ਸਿੰਗਲਾ ਦਾ ਜ਼ਿਆਦਾਤਰ ਕੰਮ ਦੇਖਦਾ ਸੀ। ਉਹ ਉਦੋਂ ਹੀ ਸਿਆਸਤ ਵਿੱਚ ਸਰਗਰਮ ਹੋਇਆ ਜਦੋਂ ਉਨ੍ਹਾਂ ਦੇ ਮਾਮੇ ਨੇ ਵਿਧਾਨ ਸਭਾ ਚੋਣ ਲੜੀ ਸੀ। ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਮਾਨਸਾ ਦੇ ਭੀਖੀ ਖੇਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਪ੍ਰਦੀਪ ਦਾ ਭਰਾ ਕੇਵਲ ਜਿੰਦਲ ਵੀ ਉਸਦਾ ਸਾਥ ਦਿੰਦਾ ਹੈ। ਪ੍ਰਦੀਪ ਦੇ ਓਐਸਡੀ ਬਣਨ ਤੋਂ ਬਾਅਦ ਦੋਵੇਂ ਭਰਾ ਚੰਡੀਗੜ੍ਹ ਚਲੇ ਗਏ। ਸਪੈਸ਼ਲ ਆਪਰੇਸ਼ਨ ਸੈਲ ਅੱਜ ਪੁੱਛਗਿੱਛ ਕਰੇਗੀ। ਮੋਹਾਲੀ ਫੇਜ਼ 8 ਥਾਣੇ ਵਿੱਚ ਪੁੱਛਗਿੱਛ ਹੋਵੇਗੀ। ਡੀਐਸਪੀ ਬਿਕਰਮ ਬਰਾੜ ਦੀ ਅਗਵਾਈ ਵਿੱਚ ਪੂਰਾ ਆਪ੍ਰੇਸ਼ਨ ਸਪੈਸ਼ਲ ਟੀਮ ਨੇ ਚਲਾਇਆ ਹੈ। ਵਿਜੇ ਸਿੰਗਲਾ ਦੀਆਂ ਮੁਸੀਬਤਾਂ ਅਜੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਸਾਬਕਾ ਮੰਤਰੀ ਵਿਜੇ ਸਿੰਗਲਾ ਵੱਲੋਂ ਦਿੱਤੇ ਗਏ ਸਾਰੇ ਟੈਂਡਰਾਂ ਦੀ ਜਾਂਚ ਕੀਤੀ ਜਾਵੇਗੀ। ਮੁਹੱਲਾ ਕਲੀਨਿਕ ਦੇ ਟੈਂਡਰਾਂ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਹੋਰ ਵੀ ਪਰਤਾਂ ਖੁੱਲ੍ਹ ਸਕਦੀਆਂ ਹਨ। ਕੁਝ ਅਧਿਕਾਰੀਆਂ ਤੋਂ ਵੀ ਜਲਦੀ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਭ੍ਰਿਸ਼ਟਾਚਾਰ ਵਿਰੋਧੀ ਸੈੱਲ ਨੇ ਡਾ. ਵਿਜੇ ਸਿੰਗਲਾ ਤੇ ਉਸ ਦੇ ਓਐੱਸਡੀ ਪ੍ਰਦੀਪ ਖ਼ਿਲਾਫ਼ ਮੁਹਾਲੀ ਦੇ ਥਾਣਾ ਫੇਜ਼ 8 ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 8 ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਡਾ. ਵਿਜੇ ਸਿੰਗਲਾ ਖਿਲਾਫ਼ ਕੇਸ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਨਿਗਰਾਨ ਇੰਜਨੀਅਰ ਰਾਜਿੰਦਰ ਸਿੰਘ ਦੀ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮੁਤਾਬਕ ਸਿਹਤ ਵਿਭਾਗ ਵੱਲੋਂ 41 ਕਰੋੜ ਰੁਪਏ ਦੇ ਟੈਂਡਰ ਅਲਾਟ ਕੀਤੇ ਜਾਣੇ ਹਨ ਅਤੇ ਮਾਰਚ ਮਹੀਨੇ ਵਿੱਚ 17 ਕਰੋੜ ਰੁਪਏ ਦੇ ਟੈਂਡਰ ਅਲਾਟ ਕੀਤੇ ਗਏ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੈ ਸਿੰਗਲਾ ਨੇ ਕੁੱਲ 58 ਕਰੋੜ ਰੁਪਏ ਦੇ ਟੈਂਡਰਾਂ ਦਾ 2 ਫ਼ੀਸਦ ਕਮਿਸ਼ਨ 1.16 ਕਰੋੜ ਰੁਪਏ ਦੀ ਮੰਗ ਕੀਤੀ ਸੀ। ਕਮਿਸ਼ਨ ਦੇਣ ਤੋਂ ਇਨਕਾਰ ਕਰਨ ਉਤੇ 10 ਲੱਖ ਰੁਪਏ ਦੀ ਮੰਗ ਕੀਤੀ ਤਾਂ ਸੌਦਾ 5 ਲੱਖ ਵਿੱਚ ਤੈਅ ਹੋ ਗਿਆ ਸੀ। ਡਾ. ਸਿੰਗਲਾ ਨੇ ਭਵਿੱਖ ਵਿੱਚ ਵਿਭਾਗ ਵੱਲੋਂ ਅਲਾਟ ਕੀਤੇ ਜਾਣ ਵਾਲੇ ਕੰਮਾਂ ਦਾ ਕਥਿਤ ਇਕ ਫ਼ੀਸਦ ਕਮਿਸ਼ਨ ਦੇਣ ਦੀ ਮੰਗ ਕੀਤੀ। ਸ਼ਿਕਾਇਤਕਰਤਾ ਮੁਤਾਬਕ ਸਿਹਤ ਮੰਤਰੀ ਨੇ ਪਿਛਲੇ ਦਿਨੀਂ ਪੰਜਾਬ ਭਵਨ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਗੱਲਬਾਤ ਲਈ ਸੱਦਿਆ ਸੀ। ਹਾਲਾਂਕਿ ਡਾ. ਵਿਜੈ ਸਿੰਗਲਾ ਜਲਦੀ ਹੀ ਮੀਟਿੰਗ ਵਿਚੋਂ ਇਹ ਕਹਿ ਕੇ ਚਲੇ ਗਏ ਕਿ ਉਨ੍ਹਾਂ ਕਿਸੇ ਜ਼ਰੂਰੀ ਕੰਮ ਜਾਣਾ ਹੈ ਤੇ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਸਾਰੀ ਗੱਲਬਾਤ ਉਨ੍ਹਾਂ ਦੇ ਓਐੱਸਡੀ ਪਰਦੀਪ ਕੁਮਾਰ ਕਰਨਗੇ। ਇਸ ਮਗਰੋਂ ਓਐੱਸਡੀ ਲਗਾਤਾਰ ਵਟਸਐਪ ਕਾਲ ਕਰ ਕੇ ਅਫ਼ਸਰਾਂ ਨੂੰ ਕਮਿਸ਼ਨ ਪੁੱਜਦੀ ਕਰਨ ਲਈ ਧਮਕਾ ਰਿਹਾ ਸੀ। ਸਿਹਤ ਵਿਭਾਗ ਦੇ ਅਧਿਕਾਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚ ਕਰਕੇ ਸਾਰੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਉਕਤ ਅਧਿਕਾਰੀ ਨੂੰ ਭਰੋਸੇ ਵਿੱਚ ਲੈਂਦਿਆਂ ਉਕਤ ਮਾਮਲੇ ਸਬੰਧੀ ਪੁਖਤਾ ਸਬੂਤ ਲਿਆਉਣ ਲਈ ਕਿਹਾ। ਉਕਤ ਅਧਿਕਾਰੀ ਨੇ ਸਿਹਤ ਮੰਤਰੀ ਨਾਲ ਗੱਲਬਾਤ ਦੇ ਪੁਖਤਾ ਸਬੂਤ ਮੁੱਖ ਮੰਤਰੀ ਨੂੰ ਦਿੱਤੇ। ਮੁੱਖ ਮੰਤਰੀ ਨੇ ਉਕਤ ਸਬੂਤਾਂ ਦੇ ਆਧਾਰ ਉਤੇ ਜਾਂਚ ਕਰਵਾ ਕੇ ਅੱਜ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਅਹੁਦੇ ਤੋਂ ਹਟਾ ਦਿੱਤਾ। ਇਹ ਵੀ ਪੜ੍ਹੋ : ਐਮਰਜੈਂਸੀ ਐਂਬੂਲੈਂਸ ਮੁਲਾਜ਼ਮ ਅੱਜ ਸ਼ਾਮ ਤੋਂ ਹੜਤਾਲ 'ਤੇ ਜਾਣਗੇ