ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਨਹੀਂ ਮੁੱਖ ਮੰਤਰੀ ਦੀ ਲੱਗੀ ਮੁਹੱਲਾ ਕਲੀਨਿਕ 'ਚ ਫੋਟੋ
ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅੱਜ ਤੋਂ ਪੰਜਾਬ ਭਰ ਵਿੱਚ 75 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਜਾ ਰਹੀ ਹੈ। ਜਿਸ ਵਿੱਚ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਤਾਂ ਮਿਲਣਗੀਆਂ ਪਰ ਇਨ੍ਹਾਂ ਕਲੀਨਿਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਵਾਰ ਫਿਰ ਤੋਂ ਫੋਟੋ ਵੀ ਦਿਖਾਈ ਦੇਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ 4 ਮਹੀਨੇ ਬਾਅਦ ਆਪਣੇ ਵੱਲੋਂ ਲਏ ਗਏ ਉਸ ਫ਼ੈਸਲੇ ਤੋਂ ਸਿਹਤ ਵਿਭਾਗ ਪਲਟਦਾ ਨਜ਼ਰ ਆ ਰਿਹਾ ਹੈ, ਜਿਸ ਫ਼ੈਸਲੇ ਵਿੱਚ ਕਿਸੇ ਵੀ ਸਰਕਾਰੀ ਅਦਾਰੇ ਦੀ ਇਮਾਰਤ ਵਿੱਚ ਮੁੱਖ ਮੰਤਰੀ ਜਾਂ ਫਿਰ ਕਿਸੇ ਵੀ ਸਿਆਸੀ ਨੇਤਾ ਦੀ ਫੋਟੋ ਲਗਾਉਣ ਦੀ ਥਾਂ ਉਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਫੋਟੋ ਲਗਾਉਣ ਲਈ ਕਿਹਾ ਗਿਆ ਸੀ। ਪੰਜਾਬ ਵਿੱਚ ਬਣਾਏ ਗਏ 75 ਮੁਹੱਲਾ ਕਲੀਨਿਕਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀਆਂ 2-2 ਫੋਟੋਆਂ ਲਗਾਈਆਂ ਗਈਆਂ ਹਨ, ਜਦੋਂ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਫੋਟੋ ਦਿਖਾਈ ਨਹੀਂ ਦੇ ਰਹੀ ਹੈ। ਸਿਹਤ ਵਿਭਾਗ ਵੱਲੋਂ ਪੰਜਾਬ ਸਰਕਾਰ ਦੀ ਇਸ ਪ੍ਰਥਾ ਨੂੰ ਤੋੜਦੇ ਹੋਏ ਫੋਟੋ ਦਾ ਫ੍ਰੇਮ ਤਾਂ ਉਹ ਹੀ ਰੱਖਿਆ ਹੈ ਪਰ ਇਸ ਫੋਟੋ ਫ੍ਰੇਮ ਵਿੱਚੋਂ ਫੋਟੋ ਨੂੰ ਬਦਲ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਜਿੱਤ ਪ੍ਰਾਪਤ ਹੋਈ ਤਾਂ ਸਰਕਾਰੀ ਦਫ਼ਤਰਾਂ ਵਿੱਚ ਮੁੱਖ ਮੰਤਰੀ ਤੇ ਰਾਜਨੀਤਿਕ ਲੀਡਰਾਂ ਦੀ ਫੋਟੋ ਲਗਾਉਣ ਦੇ ਕਲਚਰ ਨੂੰ ਖ਼ਤਮ ਕਰਦੇ ਹੋਏ ਸਿਰਫ਼ ਸ਼ਹੀਦ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਹੀ ਫੋਟੋ ਲਗਾਈ ਜਾਏਗੀ। ਇਸ ਐਲਾਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੀ ਕਈ ਰੈਲੀਆਂ ਦੌਰਾਨ ਜ਼ਿਕਰ ਕੀਤਾ ਗਿਆ ਸੀ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਖ਼ੁਦ ਫ਼ੈਸਲਾ ਕਰਦੇ ਹੋਏ ਸਾਰੇ ਸਰਕਾਰੀ ਦਫ਼ਤਰਾਂ ਨੂੰ ਆਦੇਸ਼ ਤੱਕ ਜਾਰੀ ਕਰ ਦਿੱਤੇ ਸਨ।
ਪੰਜਾਬ ਸਰਕਾਰ ਦੇ ਆਦੇਸ਼ ਜਾਰੀ ਹੋਣ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਪਹਿਲੀਵਾਰ ਨਹੀਂ ਲਗਾਈ ਗਈ ਸੀ ਤੇ ਹਰ ਸਰਕਾਰੀ ਦਫ਼ਤਰ ਵਿੱਚ ਸਿਰਫ਼ ਸ਼ਹੀਦ ਭਗਤ ਸਿੰਘ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਹੀ ਫੋਟੋ ਲਗਾਈ ਗਈ ਸੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਸਰਕਾਰੀ ਦਫ਼ਤਰਾਂ ਵਿੱਚ ਦਿਖਾਈ ਨਹੀਂ ਦਿੱਤੀ ਹੈ ਪਰ ਹੁਣ ਇਸ ਫ਼ੈਸਲੇ ਦੇ ਉੱਲਟ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੇ ਜਾ ਰਹੇ ਆਮ ਆਦਮੀ ਕਲੀਨਿਕ ਵਿੱਚ ਇਸ ਪ੍ਰਥਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੇ ਉੱਲਟ ਭਗਵੰਤ ਮਾਨ ਦੀਆਂ 2-2 ਫੋਟੋਆਂ ਹਰ ਆਮ ਆਦਮੀ ਕਲੀਨਿਕ ਵਿੱਚ ਲਗਾ ਦਿੱਤੀਆਂ ਗਈਆਂ ਹਨ।
15 ਅਗਸਤ ਨੂੰ ਉਦਘਾਟਨ ਹੋਣ ਵਾਲੇ ਆਮ ਆਦਮੀ ਕਲੀਨਿਕ ਵਿੱਚ ਇਸ ਦੀ ਝਲਕ ਵੀ ਦਿਖਾਈ ਦੇ ਰਹੀ ਹੈ। ਇਨ੍ਹਾਂ ਕਲੀਨਿਕ ਦੀ ਬਿਲਡਿੰਗ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਹੈ ਤਾਂ ਬਿਲਡਿੰਗ ਦੇ ਅੰਦਰ ਪਰਚੀ ਕਟਵਾਉਣ ਵਾਲੀ ਥਾਂ ਉਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਖ਼ੁਦ ਜਾਣਕਾਰੀ ਹੈ ਜਾਂ ਫਿਰ ਨਹੀਂ, ਇਸ ਬਾਰੇ ਕੋਈ ਕੁਝ ਬੋਲਣ ਨੂੰ ਤਿਆਰ ਵੀ ਨਹੀਂ ਹੈ ਪਰ ਇੰਨਾ ਸਾਫ਼ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਫੋਟੋ ਪ੍ਰਥਾ 15 ਅਗਸਤ ਮੌਕੇ ਟੁੱਟਣ ਜਾ ਰਹੀ ਹੈ।
ਇਸ ਫ਼ੈਸਲੇ ਸਬੰਧੀ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਲੋਕਾਂ ਦੀ ਮੰਗ ਉਤੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਆਮ ਆਦਮੀ ਕਲੀਨਿਕ ਉਤੇ ਤਸਵੀਰ ਲਗਾਈ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਵਿਰੋਧੀਆਂ ਨੇ ਬਿਨਾਂ ਕੰਮ ਤੋਂ ਆਪਣੇ ਮੁੱਖ ਮੰਤਰੀ ਦੀ ਤਸਵੀਰ ਲਗਾਈ ਸੀ ਅਤੇ ਕੰਮ ਕਰਕੇ ਤਸਵੀਰ ਲਗਾਈ ਹੈ।
ਇਹ ਵੀ ਪੜ੍ਹੋ : ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਹਿਰਾਇਆ ਤਿਰੰਗਾ