ਕਤਲ ਕੇਸ 'ਚ ਨਾਮਜ਼ਦ AAP 'ਚ ਸ਼ਾਮਲ ਕਰਨ 'ਤੇ ਸਿਆਸੀ ਮਾਹੌਲ ਗਰਮਾਇਆ
ਖੰਨਾ: ਪੰਜਾਬ ਦੇ ਖੰਨਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਤਲ ਕੇਸ 'ਚ ਨਾਮਜ਼ਦ ਵਿਅਕਤੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮਗਰੋਂ ਵਿਵਾਦ ਛਿੜ ਗਿਆ। ਇੱਥੋਂ ਆਪ ਉਮੀਦਵਾਰ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਕਤਲ ਕੇਸ ਦੇ ਕਥਿਤ ਦੋਸ਼ੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਜਿੱਥੇ ਪੀੜਤ ਪਰਿਵਾਰ ਨੇ ਵਿਰੋਧ ਕੀਤਾ ਉੱਥੇ ਹੀ ਵਿਰੋਧੀਆਂ ਨੇ ਵੀ ਆਪ ਦੀ ਇਸ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪੀੜਤ ਪਰਿਵਾਰ ਨੇ ਪਿੰਡ ਵਿੱਚ ਆਉਣ ਤੇ ਆਪ ਆਗੂਆਂ ਨੂੰ ਇੱਟਾਂ ਵੱਟੇ ਮਾਰਨ ਦਾ ਐਲਾਨ ਕੀਤਾ। ਖੰਨਾ ਦੇ ਪਿੰਡ ਭੱਟੀਆਂ ਵਿਖੇ ਸਤੰਬਰ 2021 'ਚ ਕੁਲਵਿੰਦਰ ਸਿੰਘ ਗਾਂਧੀ ਨਾਮਕ ਵਿਅਕਤੀ ਦਾ ਕਤਲ ਹੋਇਆ ਸੀ। ਇਸ ਕੇਸ ਵਿੱਚ ਕੁਲਵਿੰਦਰ ਦੀ ਪਤਨੀ ਅਤੇ ਰਾਮ ਸਿੰਘ ਵਾਸੀ ਖੰਨਾ ਖੁਰਦ ਸਮੇਤ ਪੰਜ ਵਿਅਕਤੀਆਂ ਖਿਲਾਫ਼ ਕਤਲ ਕੇਸ ਦਰਜ ਕੀਤਾ ਗਿਆ ਸੀ। ਇਸ ਕਤਲ ਕੇਸ ਵਿੱਚ ਰਾਮ ਸਿੰਘ ਪੁਲਸ ਹਿਰਾਸਤ 'ਚ ਨਹੀਂ ਆਇਆ ਸੀ। ਰਾਮ ਸਿੰਘ ਦੀ ਗਿਰਫ਼ਤਾਰੀ ਦੀ ਲਗਾਤਾਰ ਮੰਗ ਹੋ ਰਹੀ ਹੈ ਅਤੇ ਪੀੜਤ ਪਰਿਵਾਰ ਮੁਤਾਬਕ ਰਾਮ ਸਿੰਘ ਅਦਾਲਤ ਵੱਲੋਂ ਵੀ ਭਗੌੜਾ ਕਰਾਰ ਦਿੱਤਾ ਗਿਆ। ਹੁਣ ਆਮ ਆਦਮੀ ਪਾਰਟੀ ਵੱਲੋਂ ਰਾਮ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਕੁਲਵਿੰਦਰ ਸਿੰਘ ਗਾਂਧੀ ਦੇ ਪਰਿਵਾਰ ਵਾਲਿਆਂ ਨੇ ਆਮ ਆਦਮੀ ਪਾਰਟੀ ਖਿਲਾਫ਼ ਨਾਅਰੇਬਾਜੀ ਕਰਦੇ ਹੋਏ ਇਸ ਪਾਰਟੀ ਨੂੰ ਕਾਤਲਾਂ ਦੀ ਸਾਥੀ ਪਾਰਟੀ ਕਰਾਰ ਦਿੱਤਾ। ਪੀੜਤ ਪਰਿਵਾਰ ਨੇ ਪਿੰਡ ਵਿੱਚ ਆਉਣ 'ਤੇ ਆਪ ਆਗੂਆਂ ਨੂੰ ਇੱਟਾਂ ਵੱਟੇ ਮਾਰਨ ਦਾ ਐਲਾਨ ਕੀਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਇਸ ਹਰਕਤ ਨਾਲ ਇਲਾਕੇ 'ਚ ਸਿਆਸੀ ਮਾਹੌਲ ਵੀ ਗਰਮਾ ਗਿਆ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਇੱਕ ਪਾਸੇ ਪਰਿਵਾਰ ਇਨਸਾਫ਼ ਮੰਗ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਲੇ ਕਾਤਲਾਂ ਨੂੰ ਪਾਰਟੀ 'ਚ ਸ਼ਾਮਲ ਕਰਦੇ ਹਨ। ਲੋਕਾਂ ਨੂੰ ਅਜਿਹੀ ਪਾਰਟੀ ਤੋਂ ਸਚੇਤ ਰਹਿਣਾ ਚਾਹੀਦਾ ਹੈ। ਕੈਬਿਨੇਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਾਖ਼ ਕਿੰਨੀ ਕੁ ਸਾਫ ਸੁਥਰੀ ਹੈ ਇੱਥੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਆਮ ਆਦਮੀ ਪਾਰਟੀ ਵਾਲੇ ਇੱਕ ਕਤਲ ਕੇਸ ਦੇ ਕਥਿਤ ਦੋਸ਼ੀ ਨੂੰ ਪਾਰਟੀ 'ਚ ਸ਼ਾਮਲ ਕਰਦੇ ਹਨ ਜੋਂ ਕਿ ਬਹੁਤ ਗਲਤ ਹੈ। ਇਸ ਪੂਰੇ ਮਾਮਲੇ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰਨਪ੍ਰੀਤ ਸਿੰਘ ਸੌਂਦ ਨੇ ਵਿਰੋਧੀਆਂ ਦੀ ਚਾਲ ਦੱਸਦੇ ਹੋਏ ਕਿਹਾ ਕਿ ਜਦੋਂ ਉਹ ਦਹੇੜੂ ਪਿੰਡ ਵਿਖੇ ਡੇਢ ਸੌ ਲੋਕਾਂ ਨੂੰ ਪਾਰਟੀ ਅੰਦਰ ਸ਼ਾਮਲ ਕਰ ਰਹੇ ਸੀ ਤਾਂ ਇਸ ਦੌਰਾਨ ਉਕਤ ਵਿਅਕਤੀ ਨੇ ਵੀ ਆ ਕੇ ਸਿਰੋਪਾ ਪਵਾ ਲਿਆ। ਉਹ ਨਹੀਂ ਜਾਣਦੇ ਕਿ ਵਿਅਕਤੀ ਕੌਣ ਹੈ। ਪੀੜਤ ਪਰਿਵਾਰ ਨਾਲ ਉਹਨਾਂ ਦੀ ਗੱਲ ਹੋ ਗਈ ਹੈ ਉਹ ਅਜਿਹੇ ਅਨਸਰਾਂ ਨੂੰ ਪਾਰਟੀ ਅੰਦਰ ਕਦੇ ਵੀ ਥਾਂ ਨਹੀਂ ਦੇਣਗੇ। ਇਥੇ ਪੜ੍ਹੋ ਹੋਰ ਖ਼ਬਰਾਂ: 10 ਹਫ਼ਤਿਆਂ 'ਚ Omicron ਦੇ 90 ਕਰੋੜ ਤੋਂ ਵੱਧ ਮਾਮਲੇ ਆਏ ਸਾਹਮਣੇ: WHO -PTC News