15 ਸਕਿੰਟਾਂ 'ਚ ਢਹਿ ਢੇਰੀ ਹੋ ਜਾਣਗੇ ਨੋਇਡਾ ਦੇ ਸੁਪਰਟੈਕ ਟਵਿਨ ਟਾਵਰ
ਨਵੀਂ ਦਿੱਲੀ, 27 ਅਗਸਤ: ਪੈਂਤੀ ਸੌ ਕਿਲੋਗ੍ਰਾਮ ਵਿਸਫੋਟਕਾਂ ਦੀ ਮਦਦ ਨਾਲ ਐਤਵਾਰ ਜਾਨੀ ਕੱਲ੍ਹ ਨੂੰ ਨੋਇਡਾ ਦੇ 40 ਮੰਜ਼ਿਲਾ ਸੁਪਰਟੈਕ ਟਵਿਨ ਟਾਵਰਾਂ ਨੂੰ ਢਾਹ ਦਿੱਤਾ ਜਾਵੇਗਾ। ਸੁਪਰੀਮ ਕੋਰਟ ਨੇ ਇੱਕ ਸਾਲ ਪਹਿਲਾਂ ਇਨ੍ਹਾਂ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹੁਣ ਦੇ ਆਦੇਸ਼ ਦਿੱਤੇ ਸਨ ਅਤੇ ਹੁਣ ਸਾਲ ਤੇ ਅੰਤਰਾਲ ਤੋਂ ਬਾਅਦ ਕੱਲ੍ਹ ਦੁਪਹਿਰ ਅਧਿਕਾਰੀਆਂ ਵੱਲੋਂ ਇਨ੍ਹਾਂ ਟਾਵਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।
ਟਾਵਰਾਂ ਨੂੰ ਢਾਹੁਣ ਦਾ ਸਮਾਂ ਦੁਪਹਿਰ 2.30 ਵਜੇ ਤੈਅ ਕੀਤਾ ਗਿਆ ਹੈ ਅਤੇ ਸਾਰੀ ਪ੍ਰਕਿਰਿਆ ਨੂੰ ਮਹਿਜ਼ 15 ਸਕਿੰਟਾਂ ਦਾ ਸਮਾਂ ਲਗੇਗਾ। ਦੱਸ ਦੇਈਏ ਕਿ ਇਹ ਭਾਰਤ ਦੀ ਸਭ ਤੋਂ ਉੱਚੀ ਇਮਾਰਤ ਹੋਵੇਗੀ ਜਿਸਨੂੰ 'ਬਿਲਡਿੰਗ ਇਮਪਲੋਜ਼ਨ' ਦੀ ਵਰਤੋਂ ਰਾਹੀਂ ਢਾਹ ਦਿੱਤਾ ਜਾਵੇਗਾ। ਬਿਲਡਿੰਗ ਇਮਪਲੋਜ਼ਨ ਤਕਨੀਕ ਨੂੰ ਸ਼ੁਰੂ ਹੋਣ ਵਿੱਚ ਨੌਂ ਸਕਿੰਟ ਲਗਣਗੇ ਜਦਕਿ ਮਹਿਜ਼ 4-6 ਹੋਰ ਸਕਿੰਟਾਂ 'ਚ ਇਮਾਰਤ ਦਾ ਢਾਂਚਾ ਢਹਿ ਜਾਵੇਗਾ।
ਜਨਵਰੀ 'ਚ 'ਐਡੀਫਿਸ ਇੰਜਨੀਅਰਿੰਗ' ਨੇ ਦੱਖਣੀ ਅਫ਼ਰੀਕਾ ਸਥਿਤ ਡੇਮੋਲਿਸ਼ਨ ਸਪੈਸ਼ਲਿਸਟ 'ਜੈੱਟ ਡੈਮੋਲਿਸ਼ਨ' ਨਾਲ ਸਾਂਝੇਦਾਰੀ ਵਿੱਚ ਇਸ ਇਮਾਰਤ ਨੂੰ ਢਾਹੁਣ ਦਾ ਠੇਕਾ ਜਿੱਤਿਆ ਸੀ। ਇਹ ਕੰਮ ਚੁਣੌਤੀਪੂਰਨ ਹੈ ਕਿਉਂਕਿ ਇਸਨੂੰ ਨੇੜਲੀਆਂ ਰਿਹਾਇਸ਼ੀ ਸੋਸਾਇਟੀਆਂ ਨੂੰ ਪ੍ਰਭਾਵਿਤ ਕੀਤੇ ਬਿਨਾਂ ਕੀਤਾ ਜਾਣਾ ਹੈ।
ਢਾਂਚੇ ਦਾ ਸਰਵੇਖਣ ਕਰਨ ਵਿਚ ਸੈਂਕੜੇ ਲੋਕਾਂ ਦੀ ਮਿਹਨਤ ਅਤੇ ਮਹੀਨਿਆਂ ਦੀ ਤਿਆਰੀ ਲਗੀ ਹੈ। ਕੁਤੁਬ ਮੀਨਾਰ ਤੋਂ ਵੀ ਉੱਚੇ ਟਾਵਰਾਂ ਨੂੰ ਹੇਠਾਂ ਲਿਆਉਣ 'ਚ ਜਿਥੇ ਪਹਿਲਾਂ ਢਾਂਚੇ ਦਾ ਸਰਵੇਖਣ ਕੀਤਾ ਗਿਆ ਉਸਤੋਂ ਬਾਅਦ ਵਿਸਫੋਟਕਾਂ ਦੀ ਸਹੀ ਮਾਤਰਾ ਦਾ ਫੈਸਲਾ ਅਤੇ ਧਮਾਕਿਆਂ ਦੇ ਟੈਸਟਿੰਗ ਸੰਚਾਲਨ ਦੀ ਤਿਆਰੀ ਵਰਗੇ ਸਮੁੱਚੇ ਕੰਮ ਸ਼ਾਮਲ ਸਨ।
-PTC News