ਇਸ ਜ਼ਿਲ੍ਹੇ 'ਚ 'Monkeypox' ਦਾ ਕੋਈ ਵੀ ਕੇਸ ਨਹੀਂ ਆਇਆ ਸਾਹਮਣੇ : ਸਿਵਲ ਸਰਜਨ
ਮੋਹਾਲੀ: ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਐਪੀਡੀਮੋੋਲੋਜਿਸਟ ਡਾ. ਹਰਮਨਦੀਪ ਕੌਰ ਨੇ ਸ਼ਹਿਰ ਦੇ ਇਕ ਸਕੂਲ ਵਿਚ ਮੰਕੀਪਾਕਸ ਬੀਮਾਰੀ ਦੇ ਕੇਸ ਸਾਹਮਣੇ ਆਉਣ ਸਬੰਧੀ ਛਪੀ ਖ਼ਬਰ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿਚ ਮੰਕੀਪਾਕਸ ਬੀਮਾਰੀ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਜਿਕਰਯੋਗ ਹੈ ਕਿ ਅੱਜ ਇਕ ਪ੍ਰਮੁੱਖ ਅਖ਼ਬਾਰ ਵਿਚ ਖ਼ਬਰ ਛਪੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਇਕ ਸਕੂਲ ਦੇ ਵਿਦਿਆਰਥੀਆਂ ਅੰਦਰ ਮੰਕੀਪਾਕਸ ਦੇ ਕੁਝ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਇਹ ਖ਼ਬਰ ਪੂਰੀ ਤਰ੍ਹਾਂ ਤੱਥਹੀਣ ਅਤੇ ਬੇਬੁਨਿਆਦ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਬੰਧਤ ਸਕੂਲ ਦੇ ਤਿੰਨ ਵਿਦਿਆਰਥੀਆਂ ਅੰਦਰ ਹੈਂਡ, ਫ਼ੁੱਟ ਐਂਡ ਮਾਊਥ ਬੀਮਾਰੀ ਜਿਸ ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਵੀ ਕਿਹਾ ਜਾਂਦਾ ਹੈ, ਦੇ ਕੁਝ ਲੱਛਣ ਵੇਖੇ ਗਏ ਸਨ ਜਿਨ੍ਹਾਂ ਦੇ ਸੈਂਪਲ ਸਬੰਧਤ ਲੈਬ ਵਿਚ ਜਾਂਚ ਲਈ ਭੇਜ ਦਿਤੇ ਗਏ ਸਨ। ਇਕ ਸੈਂਪਲ ਦੀ ਰਿਪੋਰਟ ਆ ਗਈ ਹੈ ਜਿਸ ਵਿਚ ਸਬੰਧਤ ਬੱਚੇ ਨੂੰ ਹੱਥਾਂ, ਪੈਰਾਂ ਅਤੇ ਮੂੰਹ ਦੀ ਬੀਮਾਰੀ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਬਾਕੀ ਦੋ ਸੈਂਪਲਾਂ ਦੀ ਰਿਪੋਰਟ ਜਲਦ ਹੀ ਆ ਜਾਵੇਗੀ। ਉਨ੍ਹਾਂ ਦਸਿਆ ਕਿ ਪੂਰੇ ਦੇਸ਼ ਵਿਚ ਮੰਕੀਪਾਕਸ ਦੇ ਹਾਲੇ ਦੋ ਮਾਮਲੇ ਸਾਹਮਣੇ ਆਏ ਹਨ ਜਦਕਿ ਪੰਜਾਬ ਵਿਚ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 21,880 ਨਵੇਂ ਮਾਮਲੇ ਆਏ ਸਾਹਮਣੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬੀਮਾਰੀ ਆਮ ਤੌਰ ਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹੁੰਦੀ ਹੈ ਜਿਸ ਦੇ ਪ੍ਰਮੁੱਖ ਲੱਛਣਾਂ ਵਿਚ ਮੂੰਹ ਵਿਚ ਛਾਲੇ ਹੋਣਾ ਅਤੇ ਹੱਥਾਂ ਤੇ ਪੈਰਾਂ ਉਤੇ ਲਾਲ ਰੰਗ ਦੇ ਧੱਫੜ ਉਭਰਨਾ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਇਸ ਬੀਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਬਹੁਤੇ ਮਾਮਲਿਆਂ ਵਿਚ ਇਹ ਬੀਮਾਰੀ ਕੁਝ ਦਿਨਾਂ ਬਾਅਦ ਅਪਣੇ ਆਪ ਠੀਕ ਹੋ ਜਾਂਦੀ ਹੈ। -PTC News