NIA ਅਤੇ ED ਵੱਲੋਂ 10 ਸੂਬਿਆਂ 'ਚ PFI ਦੇ ਟਿਕਾਣਿਆਂ 'ਤੇ ਛਾਪੇਮਾਰੀ
NIA and ED raids PFI locations in 10 states: ਅੱਤਵਾਦੀਆਂ ਦੀ ਕਮਰ ਤੋੜਨ ਲਈ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਤਾਮਿਲਨਾਡੂ, ਕੇਰਲ ਸਮੇਤ 10 ਸੂਬਿਆਂ 'ਚ ਪਾਪੂਲਰ ਫਰੰਟ ਆਫ ਇੰਡੀਆ (PFI) ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ 100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। NIA ਨੇ ਜਿਨ੍ਹਾਂ ਸੂਬਿਆਂ 'ਚ ਛਾਪੇਮਾਰੀ ਕੀਤੀ ਹੈ, ਉਨ੍ਹਾਂ 'ਚ ਯੂਪੀ, ਕੇਰਲ, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਸਮੇਤ 10 ਸੂਬੇ ਸ਼ਾਮਲ ਹਨ। ਪੀਐੱਫਆਈ ਅਤੇ ਇਸ ਦੇ ਲੋਕਾਂ ਦੀਆਂ ਸਿਖਲਾਈ ਗਤੀਵਿਧੀਆਂ, ਦਹਿਸ਼ਤੀ ਫੰਡਿੰਗ ਅਤੇ ਸੰਗਠਨ ਨਾਲ ਲੋਕਾਂ ਨੂੰ ਜੋੜਨ ਦੇ ਖ਼ਿਲਾਫ਼ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਐਨਆਈਏ ਅਤੇ ਈਡੀ ਨੇ ਮਲਪੁਰਮ ਜ਼ਿਲ੍ਹੇ ਦੇ ਮੰਜੇਰੀ ਵਿੱਚ ਪੀਐੱਫਆਈ ਦੇ ਪ੍ਰਧਾਨ ਓਐਮਏ ਸਲਾਮ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਪੀਐੱਫਆਈ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਪੀਐੱਫਆਈ ਅਤੇ ਐਸਡੀਪੀਆਈ ਦੇ ਕਾਰਕੁੰਨ ਕਰਨਾਟਕ ਦੇ ਮੰਗਲੁਰੂ ਵਿੱਚ ਵੀ ਐਨਆਈਏ ਦੇ ਛਾਪੇ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਪੀਐੱਫਆਈ ਦੇ ਰਾਸ਼ਟਰੀ, ਰਾਜ ਅਤੇ ਸਥਾਨਕ ਪੱਧਰ ਦੇ ਨੇਤਾਵਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬਾ ਕਮੇਟੀ ਦਫ਼ਤਰ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੰਗਠਨ ਨੇ ਇੱਕ ਬਿਆਨ 'ਚ ਕਿਹਾ ਕਿ ਅਸੀਂ ਫਾਸੀਵਾਦੀ ਸ਼ਾਸਨ ਵਲੋਂ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਲਈ ਏਜੰਸੀਆਂ ਦੀ ਵਰਤੋਂ ਕਰਨ ਦੇ ਚੁੱਕੇ ਗਏ ਕਦਮਾਂ ਦਾ ਸਖਤ ਵਿਰੋਧ ਕਰਦੇ ਹਾਂ। NIA ਅਧਿਕਾਰੀਆਂ ਨੇ ਤਾਮਿਲਨਾਡੂ ਦੇ ਡਿੰਡੀਗੁਲ ਜ਼ਿਲੇ 'ਚ ਪਾਪੂਲਰ ਫਰੰਟ ਆਫ ਇੰਡੀਆ ਪਾਰਟੀ ਦੇ ਦਫ਼ਤਰ 'ਤੇ ਛਾਪਾ ਮਾਰਿਆ। ਪੀਐੱਫਆਈ ਦੇ 50 ਤੋਂ ਵੱਧ ਮੈਂਬਰਾਂ ਨੇ ਐਨਆਈਏ ਵੱਲੋਂ ਛਾਪੇਮਾਰੀ ਖ਼ਿਲਾਫ਼ ਪਾਰਟੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਅਸਾਮ ਪੁਲਿਸ ਨੇ ਰਾਜ ਭਰ ਵਿੱਚ ਪੀਐੱਫਆਈ ਨਾਲ ਜੁੜੇ ਨੌਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਦੱਸਿਆ ਕਿ, ਬੀਤੀ ਰਾਤ ਅਸਾਮ ਪੁਲਿਸ ਅਤੇ ਐਨਆਈਏ ਨੇ ਗੁਹਾਟੀ ਦੇ ਹਟੀਗਾਓਂ ਖੇਤਰ ਵਿੱਚ ਸਾਂਝੇ ਤੌਰ 'ਤੇ ਇੱਕ ਮੁਹਿੰਮ ਚਲਾਈ ਅਤੇ ਰਾਜ ਭਰ ਵਿੱਚ ਪੀਐੱਫਆਈ ਨਾਲ ਸਬੰਧਤ 9 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਪਾਪੂਲਰ ਫਰੰਟ ਆਫ ਇੰਡੀਆ (PFI) ਕੀ ਹੈ? ਪਾਪੂਲਰ ਫਰੰਟ ਆਫ ਇੰਡੀਆ (PFI) ਦਾ ਗਠਨ 17 ਫਰਵਰੀ 2007 ਨੂੰ ਕੀਤਾ ਗਿਆ ਸੀ। ਇਹ ਸੰਗਠਨ ਦੱਖਣੀ ਭਾਰਤ ਦੀਆਂ ਤਿੰਨ ਮੁਸਲਿਮ ਜਥੇਬੰਦੀਆਂ ਨੂੰ ਮਿਲਾ ਕੇ ਬਣਾਇਆ ਗਿਆ ਸੀ। ਇਨ੍ਹਾਂ ਵਿੱਚ ਕੇਰਲ ਦਾ ਨੈਸ਼ਨਲ ਡੈਮੋਕ੍ਰੇਟਿਕ ਫਰੰਟ, ਕਰਨਾਟਕ ਫੋਰਮ ਫਾਰ ਡਿਗਨਿਟੀ ਅਤੇ ਤਾਮਿਲਨਾਡੂ ਦੀ ਮਨੀਤਾ ਨੀਤੀ ਪਾਸਰਾਈ ਸ਼ਾਮਲ ਸਨ। ਪੀਐੱਫਆਈ ਦਾ ਦਾਅਵਾ ਹੈ ਕਿ ਇਸ ਸਮੇਂ ਇਹ ਸੰਗਠਨ ਦੇਸ਼ ਦੇ 23 ਸੂਬਿਆਂ ਵਿੱਚ ਸਰਗਰਮ ਹੈ। ਦੇਸ਼ 'ਚ ਸਟੂਡੈਂਟਸ ਇਸਲਾਮਿਕ ਮੂਵਮੈਂਟ (SIMI) 'ਤੇ ਪਾਬੰਦੀ ਤੋਂ ਬਾਅਦ PFI ਦਾ ਤੇਜ਼ੀ ਨਾਲ ਵਿਸਤਾਰ ਹੋਇਆ ਹੈ। ਇਸ ਸੰਗਠਨ ਦੀ ਕਰਨਾਟਕ, ਕੇਰਲਾ ਵਰਗੇ ਦੱਖਣ ਭਾਰਤੀ ਰਾਜਾਂ ਵਿੱਚ ਕਾਫੀ ਪਕੜ ਦੱਸੀ ਜਾਂਦੀ ਹੈ। ਇਸ ਦੀਆਂ ਕਈ ਸ਼ਾਖਾਵਾਂ ਵੀ ਹਨ। ਇਸ ਵਿੱਚ ਔਰਤਾਂ ਲਈ ਰਾਸ਼ਟਰੀ ਮਹਿਲਾ ਮੋਰਚਾ ਅਤੇ ਵਿਦਿਆਰਥੀਆਂ ਲਈ ਕੈਂਪਸ ਫਰੰਟ ਆਫ ਇੰਡੀਆ ਵਰਗੀਆਂ ਸੰਸਥਾਵਾਂ ਸ਼ਾਮਲ ਹਨ। ਸਿਆਸੀ ਪਾਰਟੀਆਂ ਇੱਕ ਦੂਜੇ 'ਤੇ ਚੋਣਾਂ ਦੌਰਾਨ ਮੁਸਲਿਮ ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ PFI ਦੀ ਮਦਦ ਲੈਣ ਦਾ ਦੋਸ਼ ਵੀ ਲਾਉਂਦੀਆਂ ਹਨ। ਇਸ ਦੇ ਗਠਨ ਤੋਂ ਲੈ ਕੇ, ਪੀਐੱਫਆਈ 'ਤੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਹਨ। ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ -PTC News