ਜ਼ੀਰਾ ਸ਼ਰਾਬ ਫੈਕਟਰੀ : ਸੀਐਮ ਮਾਨ ਦੇ ਐਲਾਨ ਮਗਰੋਂ ਵੀ ਕਿਸਾਨਾਂ ਨੇ ਨਹੀਂ ਚੁੱਕਿਆ ਧਰਨਾ
ਜ਼ੀਰਾ : ਪੰਜਾਬ 'ਚ ਫਿਰੋਜ਼ਪੁਰ ਦੇ ਜ਼ੀਰਾ ਸਥਿਤ ਮਾਲਬਰੋਜ਼ ਸ਼ਰਾਬ ਫੈਕਟਰੀ ਫੈਕਟਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਪੱਧਰ ਉਤੇ ਬੰਦ ਕਰਨ ਦੇ ਫ਼ੈਸਲੇ ਨੂੰ ਲੈ ਕੇ ਮਾਮਲਾ ਭਖ ਗਿਆ ਹੈ। ਜਦਕਿ ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ। ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਕੇ ਇਸ ਫੈਕਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਸੁਣਾਇਆ ਹੈ।
ਇਸ ਦੇ ਉਲਟ ਫੈਕਟਰੀ ਦੇ ਮਾਲਕਾਂ ਵੱਲੋਂ ਸਿਖਰਲੀ ਅਦਾਲਤ ਵਿਚ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਛਿੜੇ ਹੋਏ ਹਨ ਕਿਉਂਕਿ ਮਾਮਲਾ ਹਾਲੇ ਹਾਈ ਕੋਰਟ ਵਿਚ ਪੈਂਡਿੰਗ ਹੈ। ਮੁੱਖ ਮੰਤਰੀ ਨੇ ਬੰਦ ਕਰਨ ਦਾ ਐਲਾਨ ਕਰਕੇ ਸਾਰੀਆਂ ਚਰਚਾਵਾਂ ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਸਾਡੇ 5 ਮਹੀਨਿਆਂ ਤੋਂ ਫੈਕਟਰੀ ਦੇ ਵਿਰੋਧ 'ਚ ਪੱਕਾ ਮੋਰਚਾ ਲਾਈ ਬੈਠੇ ਕਿਸਾਨ ਧਰਨਾ ਚੁੱਕਣ ਲਈ ਤਿਆਰ ਨਹੀਂ ਹੋਏ ਹਨ।
ਕਾਬਿਲੇਗੌਰ ਹੈ ਕਿ ਭਗਵੰਤ ਮਾਨ ਦੇ ਐਲਾਨ ਮਗਰੋਂ ਹੁਣ ਲੋਕ ਸ਼ਰਾਬ ਫੈਕਟਰੀ ਬੰਦ ਕਰਨ ਦਾ ਲਿਖਤੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕਰ ਰਹੇ ਹਨ। ਲੋਕਾਂ ਨੂੰ ਅਜੇ ਵੀ ਸਰਕਾਰ ਦੇ ਫ਼ੈਸਲੇ ਉਤੇ ਯਕੀਨ ਨਹੀਂ ਆ ਰਿਹਾ ਹੈ। ਧਰਨਕਾਰੀਆਂ ਦਾ ਕਹਿਣਾ ਹੈ ਕਿ ਉਹ ਲੋਲੀਪਾਪ ਲੈਕੇ ਘਰ ਨਹੀਂ ਜਾਣਾ ਚਾਹੁੰਦੇ ਅਤੇ ਜਦੋਂ ਤੱਕ ਉਨ੍ਹਾਂ ਨੂੰ ਲਿਖਤੀ ਵਿਸ਼ਵਾਸ ਨਹੀਂ ਮਿਲਦਾ ਉਹ ਧਰਨਾ ਨਹੀਂ ਚੁੱਕਣਗੇ।
ਦੂਜੇ ਪਾਸੇ ਹਾਈ ਕੋਰਟ ਵੱਲੋਂ ਮਾਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਧਰਨਾਕਾਰੀਆਂ ਨੂੰ ਮਿਲਣ ਲਈ ਪਹੁੰਚੀ। ਇਸ ਕਮੇਟੀ ਵਿੱਚ ਚੇਅਰਮੈਨ ਅਤੇ ਸੇਵਾਮੁਕਤ ਜੱਜ ਆਰ ਕੇ ਨਹਿਰੂ ਅਤੇ ਅਧਿਕਾਰੀ ਵੀ ਮੌਜੂਦ ਸਨ। ਇਸ ਕਮੇਟੀ ਨੇ ਪੂਰੇ ਮੁੱਦੇ ਨੂੰ ਲੈਕੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ। ਕਮੇਟੀ ਦੇ ਚੇਅਰਮੈਨ ਅਤੇ ਰਿਟਾਇਰਡ ਜੱਜ ਆਰ ਕੇ ਨਹਿਰੂ ਨਾਲ ਚਰਚਾ ਹੋਈ, ਤਾਂ ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਹਾਈ ਕੋਰਟ ਵਿਚ ਹੈ ਅਤੇ ਇਸ ਮਾਮਲੇ ਉੱਤੇ ਬੋਲਣਾ ਉਚਿਤ ਨਹੀਂ ਹੋਵੇਗਾ, ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਹਾਈ ਕੋਰਟ 'ਚ ਦਾਇਰ ਕੀਤੀ ਜਾਵੇਗੀ, ਉਸ ਤੋਂ ਬਾਅਦ ਪਤਾ ਲੱਗੇਗਾ।
ਹਾਈ ਕੋਰਟ ਵੱਲੋਂ ਫੈਕਟਰੀ ਦੇ ਗੇਟ ਨੇੜੇ ਧਰਨਾਕਾਰੀਆਂ ਨੂੰ ਨਾ ਚੁੱਕਣ ਕਾਰਨ ਪੰਜਾਬ ਸਰਕਾਰ ਨੂੰ 20 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜ਼ੀਰਾ ਦੇ ਆਲੇ-ਦੁਆਲੇ ਦੇ ਕਰੀਬ 40 ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੇ ਸ਼ਰਾਬ ਫੈਕਟਰੀ ਦੇ ਬਾਹਰ ਪੱਕਾ ਮੋਰਚਾ ਲਾਇਆ ਹੋਇਆ ਹੈ। ਜਦਕਿ ਹਾਈ ਕੋਰਟ ਨੇ ਪ੍ਰਦਰਸ਼ਨਕਾਰੀਆਂ ਨੂੰ ਫੈਕਟਰੀ ਤੋਂ 300 ਮੀਟਰ ਦੂਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਦਿੱਤਾ ਅਸਤੀਫ਼ਾ, ਭਾਜਪਾ ’ਚ ਸ਼ਾਮਲ ਹੋਣ ਦੀਆਂ ਚਰਚਾਵਾਂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਨੇ ਜਲੰਧਰ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਜ਼ੀਰਾ ਦੀ ਸ਼ਰਾਬ ਫੈਕਟਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਮਾਨ ਨੇ ਕਿਸਾਨਾਂ ਦੀ ਹਮਾਇਤ ਕਰਨੀ ਹੁੰਦੀ ਤਾਂ ਇਸ ਬਾਰੇ ਫ਼ੈਸਲਾ ਬਹੁਤ ਪਹਿਲਾਂ ਲਿਆ ਜਾਣਾ ਸੀ। ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂਆਂ ਨੇ ਇਸ ਨੂੰ ਅਧੂਰੀ ਜਿੱਤ ਕਰਾਰ ਦਿੱਤਾ ਹੈ। ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂ ਬਲਦੇਵ ਸਿੰਘ ਜੀਰਾ ਨੇ ਦੱਸਿਆ ਕਿ ਸੀਐਮ ਮਾਨ ਨੇ ਕਿਹਾ ਹੈ ਕਿ ਇਹ ਮਾਮਲਾ ਅਦਾਲਤ ਵਿੱਚ ਜਾਵੇਗਾ। ਇਸ ਕਾਰਨ ਸਮੂਹ ਜਥੇਬੰਦੀਆਂ ਦੇ ਆਗੂ ਮੀਟਿੰਗ ਕਰਕੇ ਅਗਲਾ ਫੈਸਲਾ ਲੈਣਗੇ।
- PTC NEWS