Delhi Excise policy : ਈਡੀ ਵੱਲੋਂ ਵਾਈਐਸਆਰਸੀਪੀ ਐਮਪੀ ਦਾ ਪੁੱਤਰ ਰਾਘਵ ਮਗੁਨਤਾ ਗ੍ਰਿਫ਼ਤਾਰ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਈਡੀ ਨੇ ਵਾਈਐਸਆਰਸੀਪੀ ਸੰਸਦ ਮੈਂਬਰ ਮਗੁਨਤਾ ਸ਼੍ਰੀਨਿਵਾਸਲੁ ਰੈਡੀ ਦੇ ਪੁੱਤਰ ਮਗੁਨਤਾ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਦਾ ਦਾਅਵਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਸ਼ਰਾਬ ਦੇ ਕਾਰੋਬਾਰ ਦੇ ਸਬੰਧ ਵਿੱਚ ਮਗੁਨਤਾ ਸ਼੍ਰੀਨਿਵਾਸਲੁ ਰੈਡੀ ਨਾਲ ਮੁਲਾਕਾਤ ਕੀਤੀ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਸੀਬੀਆਈ ਨੇ ਚਾਰਟਰਡ ਅਕਾਊਂਟੈਂਟ ਬੁਚੀਬਾਬੂ ਗੋਰਾਂਤਲਾ ਨੂੰ ਗ੍ਰਿਫ਼ਤਾਰ ਕੀਤਾ ਸੀ। ਬੁਚੀਬਾਬੂ ਗੋਰਾਂਤਲਾ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਦੀ ਧੀ ਕਵਿਤਾ ਦਾ ਸਾਬਕਾ ਆਡੀਟਰ ਹੈ। ਕੇਂਦਰੀ ਜਾਂਚ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਗੋਰਾਂਤਲਾ ਭਗੌੜਾ ਸੀ ਅਤੇ ਜਾਂਚਕਰਤਾਵਾਂ ਨਾਲ ਸਹਿਯੋਗ ਨਹੀਂ ਕਰ ਰਿਹਾ ਸੀ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੇਸੀਆਰ ਦੀ ਧੀ ਕਵਿਤਾ ਤੋਂ ਸੀਬੀਆਈ ਦੀ ਟੀਮ ਨੇ 12 ਦਸੰਬਰ ਨੂੰ ਹੈਦਰਾਬਾਦ 'ਚ 7 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ ਸੀ।
ਏਜੰਸੀ ਨੇ ਦੋਸ਼ ਲਾਇਆ ਸੀ ਕਿ ਕੇ ਕਵਿਤਾ ਦੱਖਣੀ ਕਾਰਟੇਲ ਦਾ ਹਿੱਸਾ ਸੀ, ਜਿਸ ਨੂੰ ਸ਼ਰਾਬ ਨੀਤੀ ਮਾਮਲੇ ਵਿੱਚ ਰਿਸ਼ਵਤ ਦਾ ਫਾਇਦਾ ਹੋਇਆ ਸੀ। ਈਡੀ ਨੇ ਇਸ ਮਾਮਲੇ (ਦਿੱਲੀ ਸ਼ਰਾਬ ਘੁਟਾਲੇ) ਵਿੱਚ ਹੁਣ ਤੱਕ ਦੋ ਚਾਰਜਸ਼ੀਟ ਜਾਂ ਮੁਕੱਦਮੇ ਦੀਆਂ ਸ਼ਿਕਾਇਤਾਂ ਦਾਇਰ ਕੀਤੀਆਂ ਹਨ ਅਤੇ ਕੁੱਲ ਨੌਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ ਵੱਲੋਂ 500 ਨਵੇਂ ਜਹਾਜ਼ ਖ਼ਰੀਦਣ ਦੇ ਸੌਦੇ 'ਤੇ ਮੋਹਰ : ਰਿਪੋਰਟ
ਸੀਬੀਆਈ ਵੱਲੋਂ ਦਰਜ ਐਫਆਈਆਰ ਤੋਂ ਬਾਅਦ ਈਡੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਬੀਆਈ ਅਤੇ ਈਡੀ ਦੀਆਂ ਸ਼ਿਕਾਇਤਾਂ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਰਕਾਰ ਦੇ ਹੋਰ ਆਬਕਾਰੀ ਅਧਿਕਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ।
- PTC NEWS