Sangur News : ਖੂਨ ਹੋਇਆ ਚਿੱਟਾ, ਚਾਚੇ-ਤਾਇਆਂ ਨੇ ਇੱਟਾਂ ਮਾਰ ਕੇ ਨੌਜਵਾਨ ਭਤੀਜੀ ਨੂੰ ਉਤਾਰਿਆ ਮੌਤ ਦੇ ਘਾਟ
Girl Murder in Sangrur : ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇੱਕ ਦਿਲ ਕੰਬਾਊ ਘਟਨਾ ਵਾਪਰੀ ਹੈ, ਜਿਸ ਨਾਲ ਪੂਰੇ ਹਲਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਥੇ ਇੱਕ ਨੌਜਵਾਨ ਕੁੜੀ ਨੂੰ ਉਸਦੇ ਚਾਚੇ, ਤਾਇਆਂ ਨੇ ਇੱਟਾਂ ਮਾਰ- ਮਾਰ ਕੇ ਕਤਲ ਕਰ ਦਿੱਤਾ ਹੈ।
ਡੀਐਸਪੀ ਲਹਿਰਾ ਦੀਪ ਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਮੌਸਮਾਂ ਵਾਸੀ ਰਾਮਪੁਰਾ ਜਵਾਹਰਵਾਲਾ ਥਾਣਾ ਲਹਿਰਾ ਨੇ ਬਿਆਨ ਲਿਖਾਏ ਕਿ ਸਰਵਣ ਸਿੰਘ ਪੁੱਤਰ ਸੁੱਚਾ ਸਿੰਘ, ਰਾਮਫਲ ਸਿੰਘ ਪੁੱਤਰ ਸਰਵਨ ਸਿੰਘ, ਕਸ਼ਮੀਰ ਸਿੰਘ ਪੁੱਤਰ ਸਰਬਨ ਸਿੰਘ, ਮੁਰਲੀ ਪਤਨੀ ਸਰਵਣ ਸਿੰਘ ਵਾਸੀਆਨ ਰਾਮਪੁਰਾ ਜਵਾਹਰ ਵਾਲਾ ਥਾਣਾ ਲਹਿਰਾ ਦੇ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ਼ ਕਰਾਇਆ।
ਪੀੜਤ ਮੌਸਮਾਂ ਨੇ ਦੱਸਿਆ ਕਿ ਕੱਲ 16 ਜਨਵਰੀ ਨੂੰ ਉਹ ਆਪਣੇ ਮੁੰਡੇ ਸੁਨੀਲ ਕੁਮਾਰ ਅਤੇ ਕੁੜੀ ਕੁੰਤੀ ਦੇਵੀ ਸਮੇਤ ਆਪਣੇ ਘਰ ਮੌਜੂਦ ਸੀ। ਸਵੇਰੇ 11 ਕੁ ਵਜੇ ਦੇ ਕਰੀਬ ਸਰਬਣ ਸਿੰਘ, ਰਾਮਫਲ ਸਿੰਘ, ਕਸ਼ਮੀਰ ਸਿੰਘ, ਮੁਰਲੀ ਉਪਰੋਕਤ, ਜਿਨਾਂ ਦੇ ਹੱਥਾਂ ਵਿੱਚ ਇੱਟਾਂ ਫੜੀਆਂ ਹੋਈਆਂ ਸਨ, ਕੰਧ ਟੱਪ ਕੇ ਘਰ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਸਾਨੂੰ ਗਾਲਾਂ ਕੱਢਣ ਲੱਗ ਪਏ।
ਇਸ ਦੌਰਾਨ ਹੀ ਉਸ ਦੇ ਦਿਓਰ ਕਸ਼ਮੀਰ ਸਿੰਘ ਨੇ ਕੁੜੀ ਕੁੰਤੀ ਦੇਵੀ 21 ਨੂੰ ਥੱਲੇ ਸੁੱਟ ਲਿਆ ਤੇ ਉਸ ਦੇ ਉੱਪਰ ਬੈਠ ਗਿਆ। ਉਸ ਤੋਂ ਬਾਅਦ ਕਸ਼ਮੀਰ ਸਿੰਘ ਅਤੇ ਸਰਬਣ ਸਿੰਘ ਉਪਰੋਕਤ ਨੇ ਕੁੰਤੀ ਦੇਵੀ ਦੀ ਛਾਤੀ ਉੱਤੇ ਇੱਟਾਂ ਮਾਰੀਆਂ। ਮੁਰਲੀ ਨੇ ਕੁੜੀ ਦੀਆਂ ਲੱਤਾਂ ਫੜ ਲਈਆਂ ਅਤੇ ਰਾਮਫਲ ਸਿੰਘ ਨੇ ਹੱਥ ਫੜ ਲਏ। ਮੈਂ ਜਦੋਂ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਮੇਰੀ ਵੀ ਬਹੁਤ ਕੁੱਟਮਾਰ ਕੀਤੀ। ਫਿਰ ਲੋਕਾਂ ਦਾ ਭਾਰੀ ਇਕੱਠ ਹੁੰਦਾ ਦੇਖ ਕੇ ਮੁਲਜ਼ਮ ਮੌਕੇ ਤੋਂ ਭੱਜ ਗਏ। ਪੀੜਤਾ ਨੇ ਦੱਸਿਆ ਕਿ ਉਸ ਨੇ ਆਪਣੀ ਕੁੜੀ ਨੂੰ ਲੋਕਾਂ ਦੀ ਮਦਦ ਨਾਲ ਗੰਭੀਰ ਹਾਲਤ ਦੇ ਵਿੱਚ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕੁੰਤੀ ਦੇਵੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਪੁਲਿਸ ਨੇ ਮ੍ਰਿਤਕ ਕੁੰਤੀ ਦੇਵੀ ਦੀ ਮਾਤਾ ਮੌਸਮਾਂ ਦਾ ਬਿਆਨ ਹਾਸਲ ਕਰਦਿਆਂ ਉਪਰੋਕਤ ਦੋਸ਼ੀਆਂ ਖਿਲਾਫ ਕਤਲ ਦਾ ਮੁਕੱਦਮਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਕੁੰਤੀ ਦੇਵੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ, ਜਿੱਥੇ ਉਸ ਦਾ ਸੰਸਕਾਰ ਕਰ ਦਿੱਤਾ ਗਿਆ।
- PTC NEWS