Yamuna Expressway Accident : ਅਲੀਗੜ੍ਹ ’ਚ ਵਾਪਰਿਆ ਭਿਆਨਕ ਹਾਦਸਾ; 1 ਬੱਚੇ ਸਣੇ 5 ਲੋਕਾਂ ਦੀ ਮੌਤ, 15 ਤੋਂ ਵੱਧ ਜ਼ਖਮੀ
Yamuna Expressway Accident : ਉੱਤਰਪ੍ਰਦੇਸ਼ ਦੇ ਅਲੀਗੜ੍ਹ ਯਮੁਨਾ ਐਕਸਪ੍ਰੈੱਸ ਵੇਅ 'ਤੇ ਤਪਲ ਇਲਾਕੇ 'ਚ ਬੁੱਧਵਾਰ ਦੇਰ ਰਾਤ ਇਕ ਵੱਡਾ ਹਾਦਸਾ ਵਾਪਰਿਆ। ਇੱਥੇ ਇੱਕ ਟਰੱਕ ਅਤੇ ਡਬਲ ਡੇਕਰ ਬੱਸ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ।
ਮਰਨ ਵਾਲਿਆਂ ਵਿੱਚ ਤਿੰਨ ਪੁਰਸ਼, ਇੱਕ ਔਰਤ ਅਤੇ ਇੱਕ ਬੱਚਾ ਸ਼ਾਮਲ ਹੈ। ਅਜੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। 15 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਮੁਤਾਬਕ ਇਹ ਹਾਦਸਾ ਯਮੁਨਾ ਐਕਸਪ੍ਰੈੱਸ ਵੇਅ 'ਤੇ ਤਪਲ ਇਲਾਕੇ 'ਚ ਪੁਆਇੰਟ ਨੰਬਰ 56 'ਤੇ ਦੁਪਹਿਰ 1 ਵਜੇ ਦੇ ਕਰੀਬ ਵਾਪਰਿਆ। ਡਬਲ ਡੈਕਰ ਬੱਸ ਦਿੱਲੀ ਤੋਂ ਆਜ਼ਮਗੜ੍ਹ ਜਾ ਰਹੀ ਸੀ। ਇਸ ਦੌਰਾਨ ਟਰੱਕ ਵੀ ਦਿੱਲੀ ਤੋਂ ਆਗਰਾ ਵੱਲ ਜਾ ਰਿਹਾ ਸੀ। ਇਸ ਦੌਰਾਨ ਬੱਸ ਦੀ ਟਰੱਕ ਨਾਲ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਕੰਡਕਟਰ ਸਾਈਡ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਬੱਸ 'ਚ ਸਵਾਰ ਯਾਤਰੀਆਂ 'ਚ ਹੜਕੰਪ ਮਚ ਗਿਆ। ਹਾਈਵੇਅ 'ਤੇ ਗਸ਼ਤ ਕਰ ਰਹੀ ਟੀਮ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ।
ਇੰਸਪੈਕਟਰ ਤਪਲ ਸ਼ਿਸ਼ੂਪਾਲ ਸ਼ਰਮਾ ਨੇ ਦੱਸਿਆ ਕਿ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਜੇਵਰ ਦੇ ਕੈਲਾਸ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਕੁਝ ਜ਼ਖਮੀਆਂ ਨੂੰ ਅਲੀਗੜ੍ਹ ਦੇ ਹਸਪਤਾਲਾਂ 'ਚ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਦੌਰਾਨ ਲੰਮਾ ਟਰੈਫਿਕ ਜਾਮ ਰਿਹਾ। ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਰਾਤ ਹੋਣ ਕਾਰਨ ਬੱਸ ਵਿੱਚ ਸਵਾਰ ਸਾਰੇ ਸੁੱਤੇ ਪਏ ਸਨ। ਅਚਾਨਕ ਵਾਪਰੇ ਇਸ ਹਾਦਸੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਬੱਸ ਦਾ ਇੱਕ ਪਾਸਾ ਨੁਕਸਾਨਿਆ ਗਿਆ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ। ਦੇਰ ਰਾਤ ਤੱਕ ਪੁਲੀਸ ਮ੍ਰਿਤਕਾਂ ਦੀ ਪਛਾਣ ਕਰਨ ਵਿੱਚ ਲੱਗੀ ਰਹੀ।
ਇਹ ਵੀ ਪੜ੍ਹੋ : International Business Awards 2024 : ਵਰਦਾਨ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਦਾ ਦੁਬਈ 'ਚ ਸਨਮਾਨ, ਹੈਲਥ ਕੇਅਰ ਕੈਟੇਗਰੀ ਦਾ ਮਿਲਿਆ ਐਵਾਰਡ
- PTC NEWS