Woman Constable Amandeep Kaur : 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ , ਸਾਥੀ ਬਲਵਿੰਦਰ ਸਿੰਘ ਅਜੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ
Woman Constable Amandeep Kaur : 2 ਅਪ੍ਰੈਲ ਨੂੰ ਬਠਿੰਡਾ ਦੇ ਰਿੰਗ ਰੋਡ ਤੋਂ 17.71 ਗ੍ਰਾਮ ਚਿੱਟੇ ਨਾਲ ਗ੍ਰਿਫਤਾਰ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਥਾਣਾ ਕਨਾਲ ਕਲੋਨੀ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜੱਜ ਮਹੇਸ਼ ਕੁਮਾਰ ਸ਼ਰਮਾ ਦੀ ਅਦਾਲਤ ਵੱਲੋਂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਸਿਟੀ ਟੂ ਸਰਬਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਪੁਲਿਸ ਰਿਮਾਂਡ 'ਤੇ ਚੱਲ ਰਹੀ ਅਮਨਦੀਪ ਕੌਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਮੌਕੇ ਉਹਨਾਂ ਵੱਲੋਂ ਅਦਾਲਤ ਅੱਗੇ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਦੇ ਤੱਥ ਰੱਖੇ ਗਏ ਸਨ ਅਤੇ ਮੁੜ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਹੁਣ ਤੱਕ ਹੋਈ ਜਾਂਚ ਵਿੱਚ ਕੀ -ਕੀ ਸਾਹਮਣੇ ਆਇਆ ਹੈ, ਉਹ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈ। ਜਲਦ ਹੀ ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵਿੱਚ ਜਾਂਚ ਪੂਰੀ ਕਰਨ ਉਪਰੰਤ ਚਲਾਨ ਪੇਸ਼ ਕੀਤਾ ਜਾਵੇਗਾ। ਪੁਲਿਸ ਵੱਲੋਂ 2 ਅਪ੍ਰੈਲ ਤੋਂ ਪੁਲਿਸ ਰਿਮਾਂਡ ਵਿੱਚ ਚੱਲ ਰਹੀ ਅਮਨਦੀਪ ਕੌਰ ਮਾਮਲੇ ਦੇ ਤੱਥ ਲਗਾਤਾਰ ਲੁਕਾਏ ਜਾ ਰਹੇ ਹਨ ਅਤੇ ਮੀਡੀਆ ਨੂੰ ਲਗਾਤਾਰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਜਾਂਚ ਸਬੰਧੀ ਮੀਡੀਆ ਨਾਲ ਖੁਲਾਸਾ ਨਹੀਂ ਕੀਤਾ ਜਾ ਰਿਹਾ। ਉਧਰ ਦੂਸਰੇ ਪਾਸੇ ਅਮਨਦੀਪ ਕੌਰ ਦੇ ਮਾਮਲੇ ਵਿੱਚ ਨਾਮਜਦ ਕੀਤੇ ਗਏ ਬਲਵਿੰਦਰ ਸਿੰਘ ਨੂੰ ਫੜਨ ਵਿੱਚ ਪੁਲਿਸ ਹਲੇ ਤੱਕ ਅਸਫਲ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਲਵਿੰਦਰ ਸਿੰਘ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
- PTC NEWS